ਅਮਰੀਕਾ ਨੇ ਪਾਕਿ ‘ਚ ਦਾਗੀਆਂ ਮਿਜ਼ਾਈਲਾਂ, 4 ਦੀ ਮੌਤ

ਅਮਰੀਕਾ ਨੇ ਪਾਕਿ ‘ਚ ਦਾਗੀਆਂ ਮਿਜ਼ਾਈਲਾਂ, 4 ਦੀ ਮੌਤ
ਇਸਲਾਮਾਬਾਦ : ਅਮਰੀਕੀ ਹਮਲੇ ਵਿਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਕੁੱਰਮ ਖੇਤਰ ਵਿਚ ਵੀਰਵਾਰ ਨੂੰ ਹੱਕਾਨੀ ਨੈੱਟਵਰਕ ਦੇ ਚਾਰ ਅੱਤਵਾਦੀ ਢੇਰ ਕਰ ਦਿੱਤੇ ਗਏ। ਹਾਲਾਂਕਿ ਅਜੇ ਪਾਕਿਸਤਾਨ ਸਰਕਾਰ ਦੇ ਪੱਧਰ ‘ਤੇ ਇਸ ਡਰੋਨ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਗਈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਸਾਲ ਜਨਵਰੀ ਵਿਚ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲਣ ਦੇ ਬਾਅਦ ਤੋਂ ਪਾਕਿਸਤਾਨ ਸਰਹੱਦ ਦੇ ਅੰਦਰ ਅਮਰੀਕਾ ਦਾ ਇਹ ਚੌਥਾ ਡਰੋਨ ਹਮਲਾ ਹੋਵੇਗਾ।

ਪਾਕਿਸਤਾਨੀ ਖ਼ੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਇੰਨਾ ਜ਼ਰੂਰ ਮੰਨਿਆ ਹੈ ਕਿ ਕੁੱਰਮ ਵਿਚ ਮਨੁੱਖ ਰਹਿਤ ਡਰੋਨ ਨੇ ਅੱਤਵਾਦੀਆਂ ਦੇ ਟਿਕਾਣੇ ‘ਤੇ ਦੋ ਮਿਜ਼ਾਈਲਾਂ ਦਾਗੀਆਂ ਹਨ। ਇਹ ਇਲਾਕਾ ਹੱਕਾਨੀ ਨੈੱਟਵਰਕ ਦੇ ਕਮਾਂਡਰ ਅਬਦੁਰ ਰਾਸ਼ਿਦ ਹੱਕਾਨੀ ਦੇ ਕੰਟਰੋਲ ਹੇਠ ਹੈ। ਪਹਿਲੇ ਉਪਰੀ ਕੁੱਰਮ ਦੇ ਲੋਕਾਂ ਨੇ ਸਥਾਨਕ ਅਧਿਕਾਰੀਆਂ ਨੂੰ ਬੰਬ ਧਮਾਕੇ ਦੇ ਬਾਰੇ ਵਿਚ ਦੱਸਿਆ ਸੀ।

ਕੁੱਰਮ ਪ੍ਰਸ਼ਾਸਨ ਅਨੁਸਾਰ ਸਾਨੂੰ ਬਾਅਦ ਵਿਚ ਆਪਣੇ ਮੁਖਬਿਰ ਤੋਂ ਸੂਚਨਾ ਮਿਲੀ ਕਿ ਅਮਰੀਕੀ ਡਰੋਨ ਨੇ ਹੱਕਾਨੀ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਹੈ। ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਮਰਨ ਵਾਲੇ ਅੱਤਵਾਦੀਆਂ ਵਿਚ ਹੱਕਾਨੀ ਨੈੱਟਵਰਕ ਦਾ ਕਮਾਂਡਰ ਸ਼ਾਮਿਲ ਸੀ ਜਾਂ ਨਹੀਂ।

ਟਰੰਪ ਦੇ ਰਾਸ਼ਟਰਪਤੀ ਬਣਨ ਪਿੱਛੋਂ ਅਮਰੀਕਾ ਨੇ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਦੇ ਨਾਲ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਕਈ ਵਾਰ ਪਾਕਿਸਤਾਨ ‘ਤੇ ਆਪਣੇ ਉਥੇ ਹੱਕਾਨੀ ਨੈੱਟਵਰਕ ਖ਼ਿਲਾਫ਼ ਨਿਰਣਾਇਕ ਕਾਰਵਾਈ ਲਈ ਦਬਾਅ ਪਾ ਚੁੱਕਾ ਹੈ। ਵੈਸੇ ਅਮਰੀਕੀ ਨਸੀਹਤ ਪਾਕਿਸਤਾਨ ‘ਤੇ ਕਾਰਗਰ ਸਾਬਿਤ ਨਹੀਂ ਹੋ ਸਕੀ ਹੈ।

ਹੱਕਾਨੀ ਨੈੱਟਵਰਕ ਲੰਬੇ ਸਮੇਂ ਤੋਂ ਅਫਗਾਨਿਸਤਾਨ ਵਿਚ ਅਮਰੀਕੀ ਅਗਵਾਈ ਵਾਲੀ ਨਾਟੋ ਫ਼ੌਜ ‘ਤੇ ਹਮਲੇ ਕਰਦਾ ਰਿਹਾ ਹੈ। ਪਾਕਿਸਤਾਨ ਇਸ ਦਾ ਖੰਡਨ ਕਰ ਕੇ ਸਾਰਾ ਦੋਸ਼ ਅਫਗਾਨਿਸਤਾਨ ‘ਤੇ ਹੀ ਮੜ੍ਹ ਦਿੰਦਾ ਹੈ।

Leave a Reply

Your email address will not be published. Required fields are marked *