ਉਹ ਜੋ ਲੋਹੇ ਦੀ ਬਣੀਂ ਸੀ”
ਅਠਾਰਾਂ ਵਰ੍ਹੇ ਲਗਾਤਾਰ ਉਹ ਇਕ ਦਿਨ ਛੱਡਕੇ, ਉਹਨੂੰ ਖਤ ਲਿਖਦੀ, ਉਦੋਂ ਫੋਨ ਨੀਂ ਸੀ ਹੁੰਦੇ। ਖਤ ਚ ਆਪਣੀਆਂ ਸਾਰੀਆਂ ਪੀੜਾਂ ਲਿਖਦੀ, ਦੋਵੇਂ ਧੀਆਂ ਦੇ ਹਜਾਰਾਂ ਸਵਾਲ ਲਿਖਿਆ ਕਰਦੀ ਸੀ। ਉਹ ਜਿਹੜੇ ਘਰ ਜੰਮੀ ਸੀ ਉਥੇ ਖੇੜੇ ਵੱਸਦੇ ਸੀ,ਉਹਨੂੰ ਗੁੜਤੀ ਕਿਹਨੇਂ ਦਿੱਤੀ ਮੈਨੂੰ ਨਹੀਂ ਪਤਾ,ਪਰ ਮਹਿਲਾਂ ਦੀਆਂ ਰਾਣੀਆਂ ਵਰਗੀ ਦਾ ਨਾਂ ਸੀ।
“ਸਰਤਾਜ”
ਜਦੋਂ ਕੋਈ ਉਹਦਾ ਨਾਂ ਲੈਦਾਂ ਤਾ ਇਕ ਮਲੂਕ ਜਿਹਾ ਹੱਸਦਾ ਜਿਹਾ ਮੁੱਖ ਤੱਕ ਰੂਹ ਖਿੜ ਜਾਂਦੀ ਸੀ ਸਭ ਦੀ। ਜਿਸ ਘਰ ਉਹਦੀ ਡੋਲੀ ਆਈ, ਪਿਓ ਦੇ ਘਰ ਨਾਲੋਂ ਦੁੱਗਣਾ ਹੀ ਮਿਲਿਆ ਸਭ, ਪਰ ਹੌਲੀ ਹੌਲੀ ਰਿਸ਼ਤੇ ਧੁਖਣ ਜਿਹੇ ਲੱਗੇ, ਖੁੱਲੀ ਜਾਇਦਾਦ ਵਾਲੇ ਉਹਦੀਆਂ ਦੋ ਧੀਆਂ ਦੇ ਪਿਓ ਨੇਂ ਦੂਰ ਬੇਗਾਨੇ ਵਤਨ ਉਡਾਣ ਭਰ ਲਈ ਸੀ।
ਹੌਲੀ ਹੌਲੀ ਉਹਦੇ ਹਾਸਿਆਂ ਨੂੰ ਉਹਦੀਆਂ ਬੇਰੁਖੀਆਂ ਦਾ ਘੁਣ ਖਾ ਗਿਆ । ਦੱਸਣ ਵਾਲੇ ਕਹਿੰਦੇ ਨੇਂ, “ਪਹਿਲਾਂ ਪਹਿਲਾਂ ਉਹ ਮਹੀਨੇ ਚ ਇੱਕ ਅੱਧ ਵਾਰ ਖਤ ਲਿਖਿਆ ਕਰਦਾ ਸੀ। ਹੌਲੀ ਹੌਲੀ ਇਹ ਸਿਲਸਿਲਾ ਬੰਦ ਹੋ ਗਿਆ। ਨਿੱਕੀਆਂ ਨਿੱਕੀਆਂ ਦੋਵਾਂ ਬਾਲੜੀਆਂ ਨੂੰ ਲੈਕੇ ਉਹ ਸਾਰੀ ਸਾਰੀ ਰਾਤ ਹੰਝੂਆਂ ਚ ਕੱਟਦੀ। ਚਿੱਟੇ ਦਿਨ ਵੀ ਘੋਰ ਕਾਲੀਆਂ ਰਾਤਾਂ ਵਰਗੇ ਲੱਗਦੇ ਸੀ। ਤਕਰੀਬਨ ਰੋਜ ਖਤਮ ਲਿਖਿਆ ਕਰਦੀ ਸੀ।
ਤੇਰੇ ਬਿਨਾਂ ਇਹ ਜਾਇਦਾਦਾਂ ,ਇਹ ਹਵੇਲੀ ,ਇਹ ਬੂਹੇ ,ਗਹਿਣੇ ਸਭ ਬੇਅਰਥੇ ਨੇਂ, ਵੱਡੀ ਨੂੰ ਥੋੜਾ ਯਾਦ ਏਂ ਪਰ ਛੋਟੀ ਤਾਂ ਅੱਜ ਵੀ ਤੇਰੀ ਫੋਟੋ ਵੇਖ ਹੀ ਪੁੱਛਦੀ ਏ, “ਇਹ ਸਾਡੇ ਪਾਪਾ ਨੇ ਅੰਮੀ।ਹਾਂ ਕਹਿੰਦਿਆਂ ਮੇਰਾ ਦਿਲ ਨਿੱਘਰ ਜਾਂਦਾ ਏ,ਉਹ ਲਫਜ ਨੀਂ ਮੇਰੇ ਕੋਲ ਜਿਨਾਂ ਨਾਲ ਆਖਾਂ ਕਿ ਮੁੜ ਆ, ਬਸ ਘਰ ਵੱਲ ਆਉਂਦੇ ਰਾਹ ਨੂੰ ਵੇਂਹਦੀ ਰਹਿੰਦੀ ਹਾਂ,ਲੱਗਦਾ ਅੱਜ ਹੀ ਆ ਜਾਣਾਂ।
ਪਲ ਪਲ ਸਦੀਆਂ ਵਰਗੇ ਨੇਂ ,ਆਂਢ -ਗੁਆਂਢ ਮੈਂ ਹੁਣ ਜਾਂਦੀ ਨੀਂ। ਖੰਜਰਾਂ ਜਿਹੇ ਸਵਾਲ ਨੇਂ ਲੋਕਾਂ ਕੋਲ । ਪਰ ਫਿਰ ਵੀ ਪਤਾ ਨਹੀਂ ਤੇਰੇ ਆਉਣ ਦੀ ਉਮੀਦ ਜਿਹੀ ਰਹਿੰਦੀ ਏ ਹਲੇ ਵੀ ਦਿਲ ਚ, ਫਿਰ ਉਹਦੀ ਉਡੀਕ ਵਾਂਗ ਉਹਦੇ ਖਤ ਹੋਰ ਵੀ ਲੰਮੇ ਹੋ ਗਏ,ਪਰ ਜਿਹਨੂੰ ਲਿਖਦੀ ਸੀ ਉਹਦੀ ਬੇਰੁਖੀ ਸ਼ਾਇਦ ਉਹਦੀ ਮਹੁੱਬਤ ਤੇ ਉਹਦੇ ਇੰਤਜਾਰ ਨਾਲ ਕੋਈ ਵਾਸਤਾ ਹੀ ਨਹੀਂ ਸੀ ਰੱਖਦੀ।
” ਧੀਆਂ ਹੁਣ ਵੱਡੀਆਂ ਹੋ ਰਹੀਆਂ ਨੇਂ, ਆਹ ਪੜ ਰਹੀਆਂ ,ਆਹ ਕਰ ਰਹੀਆਂ, ਹੁਣ ਵਿਹਾਉਣੀਆਂ ਨੇਂ, ਤੇ ਲੋਕੀ ਤੇਰੇ ਬਾਰੇ ਪੁੱਛਦੇ ਨੇਂ ,ਬਾਪੂ ਜੀ ਨੇ ਇਹ ਸੁਨੇਹਾ ਲਿਖਵਾਇਆ, ਘਰ ਚ ਇਹ ਬਦਲਿਆ ,ਕੁੱਝ ਤਸਵੀਰਾਂ ਭੇਜ ਲਿਖਦੀ,ਤੇ ਲਗਾਤਾਰ ਅਠਾਰਾਂ ਵਰੇ ਲਿਖੇ ਇਹ ਖਤ ਤੇ ਵਿੱਚ ਲਿਖੀ ਆਪਣੀ ਵੀ ਸਦੀਆਂ ਵਰਗੀ ਜਿੰਦਗੀ ਉਹਨੇਂ। ਪਰ ਬਦਲੇ ਚ ਕਦੀ ਕੋਈ ਕੋਰਾ ਕਾਗਜ ਵੀ ਨਾਂ ਆਇਆ।
ਫਿਰ ਸਬਰਾਂ ਦੇ ਬੰਨ ਟੁੱਟ ਗਏ,ਉਹਦਾ ਮਨ ਪੱਥਰ ਹੋ ਗਿਆ, ਆਪਣੇਂ ਆਪ ਨਾਲ ਪਤਾ ਨਹੀਂ ਕਿਹੜਾ ਵਾਅਦਾ ਕਰ ਲਿਆ ਉਹਨੇਂ। ਉਹ ਭੁੱਲ ਗਈ ਕਿ ਉਹ ਉਹਦਾ ਕੁੱਝ ਲੱਗਦਾ ਵੀ ਏ ਕਿਤੇ ਦੂਰ ਕੋਈ ਉਹਦਾ ਵੀ ਬੈਠਾ। ਉਹਨੇਂ ਧੀਆਂ ਵਿਆਹੀਆਂ ਚੰਗਿਆਂ ਘਰਾਂ ਚ ।ਕੁੜੀਆਂ ਨੇਂ ਉਹ ਪਿਓ ਜੋ ਕਦੀ ਸੋਝੀ ਚ ਤੱਕਿਆ ਹੀ ਨਾਂ ਮਨੋਂ ਲਾਹ ਸੁੱਟਿਆ।
ਦਿਨ ਕਹਿੰਦੇ ਕੀਹਦੇ ਨੀਂ ਬਦਲੇ ,ਕੁਦਰਤ ਵੀ ਕਦੀ ਹਿਸਾਬ ਛੱਡਦੀ ਏ,ਫਿਰ ਖਤ ਲਿਖਣ ਲੱਗਾ। “ਮੈਨੂੰ ਮਾਫ ਕਰ ਦਵੀਂ,25 ਵਰਿਆਂ ਬਾਅਦ, ਫਿਰ ਫੋਨ ਕਰਦਾ ਉਹ ਗੱਲ ਨਾਂ ਕਰਦੀ,ਸਾਥੀਆਂ ਨੂੰ ਭੇਜ ਮਿੰਨਤਾਂ ਅਰਜੋਈਆਂ ਕਰਨ ਲੱਗਾ।ਸ਼ਾਇਦ ਜਿਥੋਂ ਕਿਤੋਂ ਮਹੁੱਬਤ ਲੱਭੀ ਸੀ ਉਹ ਅਠਾਰਾਂ ਵਰੇ ਖਤ ਲਿਖਣ ਵਾਲੀ ਵਰਗੀ ਨਹੀਂ ਸੀ।
ਲੋਕੀ ਉਹਨੂੰ ਉਹਦੀ ਘਰਦੀ ਦੀਆਂ ਮਿਸਾਲਾਂ ਦਿੰਦੇ। ਅਖੀਰ ਆਪ ਬਹੁੜਿਆ, ਕਹਿੰਦਾ ਇੰਗਲੈਂਡ ਦੇ ਦੋ ਮਹਿੰਗੇ ਹੋਟਲਾਂ ਦਾ ਮਾਲਕ ਬਣ ਗਿਆ ਹਾਂ ਪਰ ਤੇਰੇ ਬਿਨਾਂ ਇਹ ਕੁੱਝ ਵੀ ਨੀਂ। ਧੀਆਂ ਦੇ ਨਾਂ ਕਰਕੇ ਤੇਰੇ ਨਾਲ ਜਿੰਦਗੀ ਚਹੁੰਦਾ ਬਸ। ਉਹਨੇਂ ਕਾਗਜ ਪਾੜ ਹੱਥ ਤੇ ਧਰਦਿਆਂ।
“ਇੰਨਾਂ ਕਾਗਜਾਂ ਦੀ ਤਾਂ ਰੀਝ ਹੀ ਕੋਈ ਨੀਂ ਸੀ, ਰੀਝ ਤਾਂ ਉਹਨਾਂ ਕਾਗਜਾਂ ਦੇ ਜੁਆਬਾਂ ਦੀ ਸੀ ਜੋ ਤੂੰ ਕਦੀ ਦਿੱਤਾ ਹੀ ਨਾਂ।ਹੁਣ ਤਾਂ ਜਿਹਦੀ ਮਰਜੀ ਨਾਲ ਸਾਹ ਚੱਲਦੇ ਨੇਂ ਉਹਦੇ ਆਖੇ ਵੀ ਮੈਂ ਫੈਸਲਾ ਨਾਂ ਬਦਲਾਂ ,ਉਹਦੀਆਂ ਕਹਿੰਦੀ ਦੀਆਂ ਧਾਹਾਂ ਨਿੱਕਲ ਗਈਆਂ,”
ਜਦੋਂ ਲੋੜ ਸੀ ਤੂੰ ਨਾਲ ਨੀਂ ਸੀ, ਹੁਣ ਤਾਂ ਸਭ ਕੁੱਝ ਨਿਭਾ ਲਿਆ ਮੈਂ ਹੁਣ ਤੇਰੀ ਲੋੜ ਨੀਂ ਰਹੀ ਕੋਈ, ਉਹ ਧੀਆਂ ਤੇ ਦੋਹਤੇ ਦੋਹਤੀਆਂ ਨਾਲ ਖਿੜੇ ਖਿੜੇ ਬਾਗ ਦੀ ਮਾਲਕਣ ਏਂ ਤੇ ਉਹ ਕਹਿੰਦੇ ਇੰਗਲੈਂਡ ਚ ਕਿਸੇ ਬਿਮਾਰੀ ਨਾਲ ਜੂਝ ਰਿਹਾ।
ਲੇਖਕ – ਰੁਪਿੰਦਰ ਸੰਧੂ