ਨਵੀਂ ਦਿੱਲੀ: ਭਾਰਤ ਵਿੱਚ ਹੁਣ ਅਡਲਟ ਕੰਟੈਂਟ ਯਾਨੀ ਅਸ਼ਲੀਲ ਸਮੱਗਰੀ ਦੀ ਖਪਤ ਤਕਰੀਬਨ ਦੁੱਗਣੀ ਹੋ ਗਈ ਹੈ। ਹੈ ਤਾਂ ਅਜੀਬ ਪਰ ਇਹ ਸੱਚ ਵੀ ਹੈ ਕਿ ਭਾਰਤ ਵਿੱਚ ਪੌਰਨ ਵੇਖਣ ਦੀ ਆਦਤ ਵਧ ਗਈ ਹੈ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਨਾਲ ਸਬੰਧਤ ਲੱਖਾਂ ਹੀ ਫਾਈਲਾਂ ਅੱਗੇ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ।
ਬੀ.ਬੀ.ਸੀ. ਹਿੰਦੀ ਨੇ ਹਾਲ ਹੀ ਵਿੱਚ ਵਿਸ਼ਲੇਸ਼ਕ ਕੰਪਨੀ ‘ਵਿਡੂਲੀ’ ਦੀ ਸੰਸਥਾਪਕ ਤੇ ਸੀ.ਈ.ਓ. ਸੁਬ੍ਰਤ ਕੌਰ ਨਾਲ ਗੱਲਬਾਤ ‘ਤੇ ਆਧਾਰਤ ਤੱਥਾਂ ਨੂੰ ਖ਼ਬਰ ਵਿੱਚ ਪੇਸ਼ ਕੀਤਾ ਹੈ। ਇਸ ਮੁਤਾਬਕ 2016-17 ਵਿੱਚ ਭਾਰਤ ਵਿੱਚ ਪੌਰਨ ਸਮੱਗਰੀ ਦੀ ਖਪਤ ਦੁੱਗਣੀ ਹੋ ਗਈ ਹੈ। ਸਸਤੇ ਸਮਾਰਟਫ਼ੋਨ ਤੇ ਮੁਫ਼ਤ ਇੰਟਰਨੈੱਟ ‘ਤੇ ਲੋਕ ਜ਼ਿਆਦਾ ਪੌਰਨ ਲੱਭਦੇ ਹਨ ਤੇ ਦੇਖਦੇ ਹਨ। ਪੌਰਨਹੱਬ ਵੈੱਬਸਾਈਟ ਕੋਲ ਜੋ ਅੰਕੜੇ ਹਨ, ਉਹ ਹੈਰਾਨੀਜਨਕ ਹਨ। ਇਸ ਸਾਲ ਜਨਵਰੀ ਵਿੱਚ ਆਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ, ਲਖਨਊ, ਅਲਪੁਝਾ ਤੇ ਤ੍ਰਿਚੂਰ ਜਿਹੇ ਸ਼ਹਿਰਾਂ ਵਿੱਚ ਚਾਈਲਡ ਪੌਰਨੋਗ੍ਰਾਫੀ ਯਾਨੀ ਕਿ ਬੱਚਿਆਂ ਦੀ ਅਸ਼ਲੀਲ ਵੀਡੀਓਜ਼ ਨਾਲ ਸਬੰਧਤ ਲੱਖਾਂ ਫਾਈਲਾਂ ਅੱਗੇ ਸ਼ੇਅਰ ਕੀਤੀਆਂ ਜਾਂਦੀਆਂ ਹਨ।
ਭਾਰਤ ਦੇ ਟੀਅਰ 2 (ਜਿਨ੍ਹਾਂ ਸ਼ਹਿਰਾਂ ਦੀ ਜਨਸੰਖਿਆ 50,000 ਤੇ 99,000 ਦੇ ਦਰਮਿਆਨ ਹੋਵੇ) ਸ਼ਹਿਰ ਬੱਚਿਆਂ ਦੀ ਅਸ਼ਲੀਲ ਸਮੱਗਰੀ ਦੀ ਖੋਜ ਕਰਨ ਤੇ ਸ਼ੇਅਰ ਕਰਨ ਦੇ ਮਾਮਲੇ ਵਿੱਚ ਕਾਫੀ ਅੱਗੇ ਹਨ। ਅੰਮ੍ਰਿਤਸਰ ਤੋਂ ਬਾਅਦ ਦਿੱਲੀ ਤੇ ਲਖਨਊ ਦਾ ਨੰਬਰ ਹੈ। 2016 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਅਮਰੀਕਾ ਤੇ ਬਰਤਾਨੀਆ ਤੋਂ ਬਾਅਦ ਪੌਰਨ ਵੇਖਣ ਦੇ ਮਾਮਲੇ ਵਿੱਚ ਭਾਰਤ ਤੀਜੇ ਸਥਾਨ ‘ਤੇ ਹੈ।
ਸਰਕਾਰ ਨੇ ਪੌਰਨ ‘ਤੇ ਲਗਾਮ ਕੱਸਣ ਦੀ ਕੋਸ਼ਿਸ਼ ਕੀਤੀ ਪਰ ਨਤੀਜਾ ਬੇਅਰਥ ਰਿਹਾ। ਬੱਚਿਆਂ ਦੀ ਅਸ਼ਲੀਲ ਸਮੱਗਰੀ ਉਪਲਬਧ ਕਰਵਾਉਣ ਵਾਲੀਆਂ ਵੈੱਬਸਾਈਟਾਂ ਵਿੱਚੋਂ ਸਰਕਾਰ ਨੇ 800 ਤੋਂ ਜ਼ਿਆਦਾ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਾਲ 2015 ਵਿੱਚ ਇੱਕ ਰਿਪੋਰਟ ਰਾਹੀਂ ਇਹ ਸਾਹਮਣੇ ਆਇਆ ਸੀ ਕਿ ਮੋਬਾਈਲ ‘ਤੇ ਪੌਰਨ ਵੇਖਣਾ ਸੁਰੱਖਿਅਤ ਨਹੀਂ ਹੈ, ਕਿਉਂਕਿ ਹੈਕਰਜ਼ ਤੁਹਾਡੇ ਵੇਰਵਿਆਂ ‘ਤੇ ਨਿਗ੍ਹਾ ਰੱਖਦੇ ਹਨ। ਖਾਸ ਤੌਰ ‘ਤੇ ਉਹ ਲੋਕ ਜੋ ਪੌਰਨ ਵੇਖਣ ਲਈ ਆਪਣੇ ਕ੍ਰੈ਼ਡਿਟ ਜਾਂ ਡੈਬਿਟ ਕਾਰਡ ਦੇ ਵੇਰਵੇ ਵੈੱਬਸਾਈਟ ‘ਤੇ ਭਰ ਦਿੰਦੇ ਹਨ।
ਸਾਲ 2010 ਵਿੱਚ ਔਪਟਨੈੱਟ ਨਾਂ ਦੀ ਸੰਸਥਾ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇੰਟਰਨੈੱਟ ‘ਤੇ ਮੌਜੂਦ ਕੁੱਲ ਸਮੱਗਰੀ ਦਾ 37 ਫ਼ੀ ਸਦ ਹਿੱਸਾ ਪੌਰਨ ਹੈ। ਇਹ ਅੰਕੜਾ 7 ਸਾਲ ਪੁਰਾਣਾ ਹੈ ਤੇ ਹੁਣ ਤਕ ਇਸ ਵਿੱਚ ਕਾਫੀ ਵਾਧਾ ਹੋ ਚੁੱਕਿਆ ਹੋਵੇਗਾ। ਸਰਕਾਰ ਭਾਵੇਂ ਜਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਭਾਰਤੀਆਂ ਨੂੰ ਪੌਰਨ ਵੇਖਣ ਦੀ ਭੈੜੀ ਅਲਾਮਤ ਲੱਗ ਚੁੱਕੀ ਹੈ।