ਉਹ ਖਾਸੇ ਟੈਮ ਬਾਅਦ ਚੰਡੀਗੜ੍ਹ ਆਇਆ ਸੀ । ਪੜ੍ਹਾਈ ਤੋਂ ਬਾਅਦ ਉਹ ਖੇਤੀ ਚ ਪੈ ਗਿਆ , ਕਦੇ ਟੈਮ ਹੀ ਨੀ ਲੱਗਿਆ ਅੱਜ ਉਸਦੇ ਨਾਲ ਦਾ ਕਿਸੇ ਬਾਹਰਲੇ ਦੇਸ਼ ਚੋਂ ਪੱਕਾ ਹੋ ਕੇ ਵਾਪਸ ਆਇਆ ਸੀ | ਉਹਨੇ ਹੀ ਸਾਰੇ ਪੁਰਾਣੇ ਯਾਰ ਸੱਦੇ ਸੀ ਇਹ ਵੀ ਝੋਨਾ ਲਾ ਕੇ ਵਹਿਲਾ ਹੋਇਆ ਸੀ |
ਡਿਗਰੀ ਖਤਮ ਹੋਣ ਤੋਂ ਬਾਅਦ ਇਹਦੇ ਬਾਪੂ ਨੇ ਇਹਨੂੰ ਜੀਪ (ਥਾਰ ) ਲੈ ਕੇ ਦਿੱਤੀ ਸੀ | ਉਹ ਜੀਪ ਤੋਂ ਖੇਤੀ ਦਾ ਕੰਮ ਵੀ ਲੈਂਦੇ ਸੀ | ਇਹਦੇ ਮਨ ਚ ਚਾਅ ਸੀ ਪੁਰਾਣੇ ਵੇਲੀਆਂ ਨੂੰ ਮਿਲਣ ਦਾ ਤਾਂ ਹੀ ਜੀਪ ਦੋ ਦਿਨ ਪਹਿਲਾਂ ਹੀ ਧੋ ਕੇ ਜਮਾ ਚਿੰਟ ਕਰਤੀ ਸੀ । ਉਹ ਦੋ ਰਾਜਾਂ ਦੀ ਰਾਜਧਾਨੀ ਲਈ ਰਵਾਨਾ ਹੋ ਗਿਆ ਸੀ |
ਅੱਜ ਉਹਨੇ ਪੱਗ ਵਟਾਂ ਆਲੀ ਬੰਨੀ ਸੀ ਕੁੜਤੇ ਪਜਾਮਾ ਨੂੰ ਮਾਵਾ ਦੇ ਕੇ ਪਾਇਆ ਸੀ | ਸੱਤ ਵਜੇ ਉਹ ਮੋਹਾਲੀ ਦੇ ਸੱਤ ਫੇਸ ਪਹੁੰਚ ਗਿਆ ਸੀ । ਗੱਡੀ ਵਿੱਚ ਬੈਠਾ ਨਾਲ ਦਿਆਂ ਦੀ ਉਡੀਕ ਕਰ ਰਿਹਾ ਸੀ , ਅਚਾਨਕ ਉਸ ਦੀ ਨਿਗਾਹ ਇੱਕ ਮੁੰਡੇ ਤੇ ਗਈ ਜੋ ਇੱਕ ਕੁੜੀ ਨੂੰ ਘੇਰੀ ਖੜਾ ਸੀ | ਮੁੰਡਾ ਦੇਖਣ ਨੂੰ ਯੈਂਕਾ ਲਗਦਾ ਸੀ ਕੁੜੀ ਦੇਖਣ ਨੂੰ ਪੰਜਾਬ ਦੀ ਲਗਦੀ ਸੀ ਪਰ ਪਹਿਰਾਵਾ ਰਾਜਧਾਨੀ ਆਲਾ ਸੀ | ਕੁੜੀ ਰੋ ਰਹੀ ਸੀ , ਉੱਥੋਂ ਜਾਣਾ ਚਾਹੁੰਦੀ ਸੀ ਪਰ ਉਹ ਮੁੰਡਾ ਉਹਨੂੰ ਜਾਣ ਨਹੀਂ ਦਿੰਦਾ ਸੀ ।
ਉਹ ਜੀਪ ਚੋਂ ਉੱਤਰ ਉਨ੍ਹਾਂ ਕੋਲ ਚਲਾ ਗਿਆ ਤੇ ਜਾਕੇ ਮੁੰਡੇ ਨੂੰ ਕਿਹਾ ਸੀ ਬਾਈ ਜਾਣ ਦੇ ਕੁੜੀ ਨੂੰ ਕਿਉਂ ਦੁਖੀ ਕਰਦਾ । ਕੁੜੀ ਦੀਆਂ ਅੱਖਾਂ ਵਿੱਚ ਮੱਦਦ ਦੀ ਇੱਕ ਉਮੀਦ ਜਾਗੀ ਸੀ ।
“ਕੀਊਂ ਤੇਰੀ ਬਹਿਣ ਲੱਗਤੀ ਹੈ ਕਿਆ ”
ਯੈਂਕੇ ਨੇ ਉਸ ਨੂੰ ਜਵਾਬ ਦਿੱਤਾ ਸੀ ।
“ਹਾਂ ਲੱਗਦੀ ਆ ਬਾਈ”
ਉਸਨੇ ਵੀ ਯੈਂਕੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਸੀ ।
“ਤੂ ਕਿਆ ਕਰ ਲੇਗਾ ਮੇਰਾ ਪਤਾ ਨਹੀਂ ਕਹਾਂ ਕਹਾਂ ਸੇ ਆ ਜਾਤੇ ਹੈਂ ”
ਯੈਂਕੇ ਨੇ ਗੁੱਸੇ ਚ ਕਿਹਾ ਸੀ
“ਆਇਆਂ ਤਾਂ ਬਾਈ ਮੈਂ ਪੰਜਾਬ ਤੋਂ ਆ ਕਰਨ ਕਰਾਉਣ ਆਲਾ ਤਾਂ ਉੱਪਰ ਆਲਾ ਮੈਂ ਤਾਂ ਕੀ ਕਰਨਾ ”
ਉਸ ਨੇ ਬੜੀ ਹਲੀਮੀ ਨਾਲ ਕਿਹਾ ਸੀ
ਇਹਨੇ ਨੂੰ ਯੈਂਕੇ ਨਾਲ ਦੇ ਦੋ ਹੋਰ ਯੈਂਕੇ ਇੱਕ ਮਹਿੰਗੀ ਕਾਰ ਚੋਂ ਉੱਤਰ ਕੇ ਉਨ੍ਹਾਂ ਕੋਲ ਆ ਗਏ ਸੀ | ਕਾਰ ਦੇ ਮੂਹਰੇ ਚਾਰ ਕੜੇ ਬਣੇ ਹੋਏ ਸੀ |
ਨਾਲ ਦਿਆਂ ਨੂੰ ਦੇਖ ਕੇ ਉਹ ਹੋਰ ਭਾਰਾ ਹੋ ਗਿਆ ਸੀ | ਯੈਂਕੇ ਨੇ ਉਹਦਾ ਗਲਾ ਫੜਨ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਇੱਕ ਜੋਰਦਾਰ ਆਵਾਜ਼ ਆਈ ਪਲ ਵਿੱਚ ਉਹ ਯੈਂਕਾ ਲਾਸ਼ ਵਾਂਗ ਥੱਲੇ ਡਿੱਗਿਆ ਪਿਆ ਸੀ | ਉਸਦੀ ਨਰਮ ਗੱਲ੍ਹ ਤੇ ਅੱਟਣਾਂ ਵਾਲਾ ਹੱਥ ਪੂਰਾ ਛੱਪ ਗਿਆ ਸੀ |
ਉਹਦੇ ਨਾਲ ਦਿਆਂ ਦੇ ਮੂੰਹੋਂ ਇੱਕ ਅੰਗਰੇਜ਼ੀ ਦਾ ਸ਼ਬਦ ਉ ਮਾਈ ਗੋਡ ਨਿਕਲਿਆ ਸੀ ਕਿਸੇ ਦੀ ਉਹਨੂੰ ਹੱਥ ਲਾਉਣ ਦੀ ਹਿੰਮਤ ਨਹੀਂ ਪਈ ਸੀ ਕੁੜੀ ਸਹੀ ਸਲਾਮਤ ਉੱਥੋਂ ਚਲੀ ਗਈ ਸੀ ।
ਉਹਨੂੰ ਵੀ ਨਾਲ ਦਿਆਂ ਦਾ ਫੋਨ ਆ ਗਿਆ ਸੀ ਉਹ ਰਾਜਧਾਨੀ ਪਹੁੰਚ ਗਏ ਸੀ | ਪੰਜ ਲੱਖ ਦੀ ਜੀਪ ਪੰਜਾਹ ਲੱਖ ਦੀ ਕਾਰ ਕੋਲੋਂ ਹਵਾ ਵਾਂਗ ਲੰਘ ਗਈ ਸੀ | ਕਾਰ ਕੋਲ ਖੜੇ ਯੈਂਕੇ ਅੱਖਰ ਜੋੜ ਜੋੜ ਜੀਪ ਪਿੱਛੇ ਲਿਖੇ ਸ਼ਬਦਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਸੀ ।
ਜੀਪ ਪਿੱਛੇ ਪੰਜਾਬੀ ਚ ” ਇੱਜਤਾਂ ਦੇ ਰਾਖੇ ” ਲਿਖਿਆ ਸੀ ।