
ਬੇਸ਼ੱਕ ਇਸ ਰਿਸ਼ਤੇ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ ਇਸ ਖ਼ਬਰ ‘ਚ ਰੱਤੀ ਭਰ ਵੀ ਝੂਠ ਨਹੀਂ ਹੈ। ਜ਼ਿਕਰਯੋਗ ਹੈ ਕਿ ਗੁਰਿੱਕ ਮਾਨ ਲੰਬੇ ਸਮੇਂ ਤੋਂ ਮੁੰਬਈ ‘ਚ ਰਹਿ ਰਹੇ ਹਨ। ਪਿਛਲੇ ਸਾਲ ਹੀ ਉਹ ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਨਾਲ ਸਾਹਮਣੇ ਆਏ ਸਨ।
ਉਨ੍ਹਾਂ ਨੇ ਹੀ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕੀਤਾ ਸੀ। ਪਤਾ ਲੱਗਾ ਹੈ ਕਿ ਹੁਣ ਉਹ ਗੁਰਦਾਸ ਮਾਨ ਦੀ ਅਗਲੀ ਫ਼ਿਲਮ ‘ਨਨਕਾਣਾ’ ਨੂੰ ਡਾਇਰੈਕਟ ਕਰਨ ਜਾ ਰਹੇ ਹਨ। ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ ‘ਚ ਜੰਮੀ ਸਿਮਰਨ ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਜਵਾਨ ਹੋਈ ਹੈ। ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ ‘ਚ ਆਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਟਾਈਟਲਜ਼ ਆਪਣੇ ਨਾਂ ਕਰ ਚੁੱਕੀ ਸਿਮਰਨ ਦੀ ਹਿੰਦੀ ਫ਼ਿਲਮ ਇੰਡਸਟਰੀ ‘ਚ ਅਸਲ ਪਛਾਣ ਦੋ ਕੁ ਸਾਲ ਪਹਿਲਾਂ ਹੀ ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂ’ ਨਾਲ ਬਣੀ ਹੈ।
ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਰਹੀ ਹੈ। ਪੰਜਾਬੀ ‘ਚ ਉਹ ਫ਼ਿਲਮਾਂ ‘ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚ ਕੇ ਰਹੀ’ ਵਿੱਚ ਕੰਮ ਕਰ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ ਛੇਤੀ ਇਕ ਦੂਜੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।
9 ਫਰਵਰੀ ਦੀ ਸ਼ਾਮ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਦਾ ਦੁਖਾਂਤ ਨੂੰ ਪੇਸ਼ ਕਰਨ ਵਾਲਾ ਗੀਤ ‘ਪੰਜਾਬ’ ਰਿਲੀਜ਼ ਹੋਇਆ ਸੀ, ਜਿਸ ਵਿੱਚ ਨਸ਼ੇ, ਜ਼ਹਿਰੀਲੀ ਖੇਤੀ, ਸਿਹਤ ਅਤੇ ਵਿਗੜੇ ਹੋਏ ਅਮਨ ਕਾਨੂੰਨ ਦੇ ਹਾਲਾਤ ਵਾਲੇ ਪੰਜਾਬ ਦੇ ਮੌਜੂਦਾ ਮੁੱਦਿਆਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਪਰ ਇਸ ਨੂੰ ਚੋਣਾਂ ਤੋਂ ਬਾਅਦ ਰਿਲੀਜ਼ ਕਰਨ ਕਰ ਕੇ ਗੁਰਦਾਸ ਮਾਨ ਦੀ ਤਿੱਖੀ ਆਲੋਚਨਾ ਹੋਈ ਹੈ।
ਲੋਕਾਂ ਦਾ ਕਹਿਣਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹੀ ਮੁੱਦੇ ਪ੍ਰਮੁੱਖ ਸਨ, ਜਿਹੜੇ ਗੀਤ ਵਿੱਚ ਦਿਖਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰਦਾਸ ਮਾਨ ਨੂੰ ਜਿਹੜਾ ਗੀਤ 4 ਫਰਵਰੀ ਤੋਂ ਪਹਿਲਾਂ ਰਿਲੀਜ਼ ਕਰਨਾ ਚਾਹੀਦਾ ਸੀ, ਉਹ ਹੁਣ ਜਾਰੀ ਕੀਤਾ ਗਿਆ ਹੈ।