ਭਾਵੇਂ ਕਿ ਅੰਗਰੇਜ਼ਾਂ ਦੇ ਵੇਲੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਅਤੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਇਸ ਸਮੇਂ ਦੌਰਾਨ ਕੁਝ ਅਜਿਹੇ ਲੋਕ ਨਾਇਕ ਵੀ ਸਨ, ਜੋ ਕਿ ਸਿੱਧੇ ਤੌਰ ‘ਤੇ ਭਾਵੇਂ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਨਹੀਂ ਸਨ ਪਰ ਅਸਲ ਵਿਚ ਉਹ ਗ਼ਰੀਬ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ। ਅਜਿਹੇ ਹੀ ਲੋਕ ਨਾਇਕਾਂ ਵਿਚ ਇੱਕ ਸੀ ਜੱਗਾ ਜੱਟ ਉਰਫ਼ ਜੱਗਾ ਡਾਕੂ । ਜੋ ਗਰੀਬਾਂ ਦਾ ਖ਼ੂਨ ਚੂਸਣ ਵਾਲੇ ਅਮੀਰਾਂ ਲਈ ਤਾਂ ਡਾਕੂ ਸੀ ਪਰ ਗਰੀਬ ਲੋਕਾਂ ਦੇ ਲਈ ਉਹ ਕਿਸੇ ਮਸੀਹਾ ਤੋਂ ਘੱਟ ਨਹੀਂ ਸੀ।
Jagga Daku Daughter resham kaur died
ਅੱਜ ਉਸ ਮਸ਼ਹੂਰ ਜੱਗਾ ਡਾਕੂ ਦੀ ਇਕਲੌਤੀ ਧੀ ਦਾ ਦੇਹਾਂਤ ਹੋ ਗਿਆ ਹੈ। ਭਾਵੇਂ ਕਿ ਜੱਗਾ ਜੱਟ ਦਾ ਜੱਦੀ ਪਿੰਡ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿਚ ਬੁਰਜ ਰਣ ਸਿੰਘ ਵਾਲਾ ਸੀ ਪਰ ਵਰਤਮਾਨ ਸਮੇਂ ਉਨ੍ਹਾਂ ਦੀ ਧੀ ਭਾਰਤੀ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਬਨਵਾਲਾ ਅਣੂ ਵਿਚ ਆਪਣੀ ਜ਼ਿੰਦਗੀ ਬਸ਼ਰ ਕਰ ਰਹੀ ਸੀ।
ਰੇਸ਼ਮ ਕੌਰ 106 ਵਰ੍ਹਿਆਂ ਦੇ ਸਨ। ਵੀਰਵਾਰ ਸਵੇਰੇ ਉਨ੍ਹਾਂ ਦਾ ਉਕਤ ਪਿੰਡ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜੱਗੇ ਦੀ ਪਤਨੀ ਨੂੰ ਦੇਸ਼ ਦੀ ਵੰਡ ਤੋਂ ਬਾਅਦ ਮਾਨਸਾ ‘ਚ ਜ਼ਮੀਨ ਅਲਾਟ ਕੀਤੀ ਗਈ ਸੀ। ਜਿਸ ਕਾਰਨ ਜੱਗੇ ਦੀ ਧੀ ਰੇਸ਼ਮ ਕੌਰ ਵੀ ਪਿੰਡ ਬਨਾਵਾਲਾ ਅਣੂ ਕੇ ‘ਚ ਰਹਿਣ ਲੱਗ ਗਏ ਸਨ।
ਰੇਸ਼ਮ ਕੌਰ ਅੰਤ ਤੱਕ ਆਪਣੇ ਪਿਤਾ ਦੇ ਨਾਂਅ ਨਾਲੋਂ ਡਾਕੂ ਸ਼ਬਦ ਨੂੰ ਹਟਾਉਣ ਦੀ ਮੰਗ ਕਰਦੀ-ਕਰਦੀ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਈ ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਆਖ਼ਰ ਸਮੇਂ ਤੱਕ ਇਹ ਚੀਸ ਉਸ ਦੇ ਦਿਲ ਵਿਚ ਇੱਕ ਅੱਲੇ ਜ਼ਖ਼ਮ ਵਾਂਗ ਰੜਕਦੀ ਰਹੀ ਸੀ। ਉਸ ਦਾ ਕਹਿਣਾ ਸੀ ਕਿ ਉਸਦੇ ਪਿਤਾ ਡਾਕੂ ਨਹੀਂ ਸਗੋਂ ਕ੍ਰਾਂਤੀਕਾਰੀ ਸਨ। ਉਸ ਦਾ ਸਾਫ ਤੌਰ ‘ਤੇ ਕਹਿਣਾ ਸੀ ਕਿ ਅੰਗਰੇਜ਼ ਹਕੂਮਤ ਲਈ ਜੱਗਾ ਜੱਟ ਤੇ ਮੁਗ਼ਲ ਹਕੂਮਤ ਲਈ ਦੁੱਲਾ ਭੱਟੀ ਸਿਰਫ ਡਾਕੂ ਹੀ ਸਨ ਕਿਉਂਕਿ ਹਕੂਮਤ ਨੇ ਹੀ ਲੋਕਾਂ ਨੂੰ ਅਜਿਹੀ ਜ਼ਿੰਦਗੀ ਦਿੱਤੀ।
ਕਿਹਾ ਜਾਂਦਾ ਹੈ ਕਿ ਔਰਤ ਦੇ ਸਨਮਾਨ ਦੀ ਰਾਖੀ ਕਰਦਿਆਂ ਜੱਗੇ ਨੇ ਪਿੰਡ ਦੇ ਜ਼ੈਲਦਾਰ ਤੇ ਪੁਲਿਸ ਅਧਿਕਾਰੀ ਨਾਲ ਝੜਪ ਕੀਤੀ ਸੀ ਤੇ ਬਦਲਾ ਲੈਣ ਲਈ ਜੱਗੇ ਨੇ ਉਹਨਾਂ ਦੇ ਪਸ਼ੂ ਆਪਣੇ ਕਬਜ਼ੇ ‘ਚ ਲੈ ਲਏ ਸਨ ਤੇ ਫ਼ਸਲ ਤੇ ਸੁਹਾਗਾ ਫੇਰ ਦਿੱਤਾ ਸੀ। ਜ਼ੈਲਦਾਰ ਦੀ ਝੂਠੀ ਸ਼ਿਕਾਇਤ ‘ਤੇ ਜੱਗੇ ਨੂੰ ਚਾਰ ਸਾਲ ਦੀ ਕੈਦ ਸਜ਼ਾ ਸੁਣਾਈ ਗਈ, ਪਰ ਉਹ ਸਜ਼ਾ ਪਰੀ ਹੋਣ ਤੋਂ ਪਹਿਲਾਂ ਹੀ ਭੱਜ ਨਿਕਲਿਆ ਸੀ। ਬਾਅਦ ਉਹ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ਼ ਲੜਨ ਲੱਗ ਗਿਆ ਸੀ। ਇਸ ਦੌਰਾਨ ਉਸ ਦੇ ਮਾਰੇ ਵੱਡੇ ਡਾਕਿਆਂ ‘ਚ ਸੈਦਪੁਰ ਲਾਇਲਪੁਰ ਤੇ ਡਸਕਾ ਦੇ ਡਾਕੇ ਵਧੇਰੇ ਪ੍ਰਸਿੱਧ ਰਹੇ।