ਜੇ ਕੋਈ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਉਸ ਨੂੰ ਫਾਂਸੀ ਜਾਂ ਉਮਰ ਕੈਦ ਹੋ ਜਾਏ ਤਾਂ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਖਾਸਤੌਰ ‘ਤੇ ਯੂ.ਏ.ਈ ਵਿੱਚ।ਪਰ ਦੁਬਈ ਵਿੱਚ ਇੱਕ ਅਜਿਹਾ ਭਾਰਤੀ ਰਹਿੰਦਾ ਹੈ ਜੋ ਆਪਣੀ ਜੇਬ ਤੋਂ ਪੈਸੇ ਖਰਚ ਕੇ ਉਨ੍ਹਾਂ ਲੋਕਾਂ ਦੀ ਸਜ਼ਾ ਮੁਆਫ਼ ਕਰਵਾਉਂਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਆਪਣੇ ਮੁਲਕ ਵਾਪਸ ਭੇਜਦਾ ਹੈ।ਇਸ ਸ਼ਖਸ ਦਾ ਨਾਂ ਐੱਸ.ਪੀ ਸਿੰਘ ਓਬਰਾਏ ਹੈ। ਭਾਰਤੀ ਪੰਜਾਬ ਤੋਂ ਦੁਬਈ ਆ ਕੇ ਵੱਸੇ ਓਬਰਾਏ ਯੂ.ਏ.ਈ ਵਿੱਚ ਉਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਤੋਂ ਛੁਡਾਉਂਦੇ ਹਨ ਜਿੰਨ੍ਹਾਂ ਨੂੰ ਜਾਂ ਤਾਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਉਮਰ ਕੈਦ ਦੀ।ਓਬਰਾਏ ਇਨ੍ਹਾਂ ਅਪਰਾਧੀਆਂ ਦਾ ਮੁਕੱਦਮਾ ਖੁਦ ਲੜਦੇ ਹਨ। ਉਹ ਪਿਛਲੇ 7 ਸਾਲਾਂ ਵਿੱਚ 93 ਅਪਰਾਧੀਆਂ ਦੀ ਜਾਨਾਂ ਬਚਾ ਚੁੱਕੇ ਹਨ ਜਿੰਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ।
ਖਾਸ ਗੱਲ ਤਾਂ ਇਹ ਕਿ ਉਨ੍ਹਾਂ ਵਿੱਚ 13 ਪਾਕਿਸਤਾਨੀ ਤੇ ਪੰਜ ਬੰਗਲਾਦੇਸ਼ੀ ਵੀ ਸ਼ਾਮਲ ਹਨ।ਐੱਸ.ਪੀ ਓਬਰਾਏ ਦਾ ਕਹਿਣਾ ਹੈ ਕਿ ਉਹ ਦੇਸ ਵੇਖ ਕੇ ਲੋਕਾਂ ਨੂੰ ਨਹੀਂ ਬਚਾਉਂਦੇ।ਉਹ ਕਹਿੰਦੇ ਹਨ, “ਮੈਂ ਇਹ ਨਹੀਂ ਦੇਖਦਾ ਕਿ ਉਹ ਭਾਰਤੀ ਹਨ, ਪਾਕਿਸਤਾਨੀ ਹਨ ਜਾਂ ਬੰਗਲਾਦੇਸ਼ੀ। ਮੈਂ ਇੰਨ੍ਹਾਂ ਸਾਰਿਆਂ ਨੂੰ ਇਨਸਾਨਾਂ ਵਜੋਂ ਦੇਖਦਾ ਹਾਂ ਤੇ ਇਨਸਾਨਾਂ ਨੂੰ ਹੀ ਬਚਾਉਂਦਾ ਹਾਂ।”ਅਮੀਰਾਤ ਵਿੱਚ ਇਸਲਾਮੀ ਸ਼ਰੀਆ ਕਾਨੂੰਨ ਚੱਲਦਾ ਹੈ ਜਿਸ ਦੇ ਤਹਿਤ ਮਾਰੇ ਗਏ ਸ਼ਖਸ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਦੇ ਕੇ ਅਪਰਾਧੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਜਾ ਸਕਦੀ ਹੈ।ਪਰ ਅਜਿਹੇ ਪਰਿਵਾਰ ਦੇ ਸਾਹਮਣੇ ਪੈਸੇ ਦੀ ਪੇਸ਼ਕਸ਼ ਕਰਨਾ ਕਿੰਨਾ ਮੁਸ਼ਕਿਲ ਹੈ? ਓਬਰਾਏ ਕਹਿੰਦੇ ਹਨ ਕਿ ਇਹ ਇੱਕ ਪੇਚੀਦਾ ਮਸਲਾ ਹੁੰਦਾ ਹੈ।
ਓਬਰਾਏ ਮੁਤਾਬਕ, “ਕਿਸੇ ਦਾ ਪੁੱਤਰ ਮਾਰਿਆ ਗਿਆ ਹੈ ਅਤੇ ਤੁਸੀਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕਰੋ ਤਾਂ ਬਹੁਤ ਅਜੀਬ ਲੱਗਦਾ ਹੈ ਪਰ ਕੁਝ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਇਹ ਮਸਲਾ ਹੱਲ ਹੋ ਜਾਂਦਾ ਹੈ।”ਓਬਰਾਏ ਕਹਿੰਦੇ ਹਨ, “ਮੈਨੂੰ ਸਕੂਨ ਮਿਲਦਾ ਹੈ। ਕਿਸੇ ਭੈਣ ਨੂੰ ਉਸਦਾ ਭਰਾ ਦਿੰਦਾ ਹਾਂ, ਕਿਸੇ ਬੱਚੇ ਨੂੰ ਉਸਦਾ ਪਿਓ ਦਿੰਦਾ ਹਾਂ, ਜਾਂ ਕਿਸੇ ਮਾਂ ਨੂੰ ਉਸ ਦਾ ਪੁੱਤਰ ਦਿੰਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।”