ਰੀਵਾ- ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਇੱਕ ਨੌਜਵਾਨ ਦੇ ਪੇਟ ਵਿੱਚੋਂ 263 ਸਿੱਕੇ, ਡੇਢ ਕਿਲੋਗਰਾਮ ਲੋਹੇ ਦੇ ਕਿੱਲ, ਬਲੇਡ, ਉੱਨੀ ਸਵੈਟਰ ਬੁਣਨ ਵਿੱਚ ਵਰਤਣ ਵਾਲਾ ਕਰੋਸ਼ੀਆ ਅਤੇ ਲੋਹੇ ਦੀ ਚੇਨ ਨਿਕਲੀ ਹੈ। ਰੀਵਾ ਸ਼ਹਿਰ ਦੇ ਸੰਜੇ ਗਾਂਧੀ ਹਸਪਤਾਲ ਦੇ ਡਾਕਟਰਾਂ ਦੀ ਸੱਤ ਮੈਂਬਰੀ ਟੀਮ ਨੇ ਚਾਰ ਘੰਟੇ ਤੱਕ ਆਪਰੇਸ਼ਨ ਕਰ ਕੇ ਇਸ ਨੂੰ ਕੱਢਿਆ। ਨੌਜਵਾਨ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ 72 ਘੰਟੇ ਬਾਅਦ ਹੋਣ ਵਾਲੀ ਜਾਂਚ ਦੇ ਬਾਅਦ ਸਥਿਤੀ ਸਪੱਸ਼ਟ ਹੋਵੇਗੀ।
ਹਸਪਤਾਲ ਸੁਪਰਡੈਂਟ ਏ ਪੀ ਐੱਸ ਗਹਿਰਵਾਰ ਨੇ ਦੱਸਿਆ ਕਿ ਇਹ ਪਹਿਲਾ ਕੇਸ ਹੈ ਕਿ ਜਦ ਇੰਨਾ ਲੋਹਾ ਕਿਸੇ ਮਰੀਜ਼ ਦੇ ਪੇਟ ਵਿੱਚੋਂ ਨਿਕਲਿਆ ਹੋਵੇ। ਸਮੇਂ ਸਿਰ ਆਪਰੇਸ਼ਨ ਹੋਣ ‘ਤੇ ਉਸ ਦੀ ਜਾਨ ਬਚ ਗਈ ਹੈ। 18 ਨਵੰਬਰ ਨੂੰ ਇਹ ਨੌਜਵਾਨ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ ਸੀ। ਐਕਸਰੇ ਵਿੱਚ ਪਤਾ ਲੱਗਾ ਕਿ ਉਸ ਦੇ ਪੇਟ ਵਿੱਚ ਲੋਹੇ ਦੇ ਕਿੱਲ ਅਤੇ ਸਿੱਕੇ ਨਹ। ਨੌਜਵਾਨ ਸੇਫਟੀਸੀਮੀਆ ਤੋਂ ਪੀੜਤ ਸੀ।
ਉਸ ਦੇ ਪੂਰੇ ਸਰੀਰ ਵਿੱਚ ਇਨਫੈਕਸ਼ਨ ਫੈਲ ਗਈ ਸੀ। ਸਤਨਾ ਦੇ ਸੋਹਾਵਾਲ ਵਾਸੀ ਸਮਸੂਦੀਨ ਦਾ ਪੁੱਤਰ ਮੁਹੰਮਦ ਮਕਸੂਦ ਅਹਿਮਦ (28) ਆਟੋ ਚਾਲਕ ਹੈ। ਉਹ ਨਸ਼ੇ ਲਈ ਨਾ ਸਿਰਫ ਦਵਾਈਆਂ ਲੈਂਦਾ ਸੀ, ਬਲਕਿ ਲੋਹੇ ਦਾ ਸਾਮਾਨ ਵੀ ਖਾਂਦਾ ਸੀ।
ਘਰਦਿਆਂ ਨੇ ਦੱਸਿਆ ਕਿ ਪੇਟ ਵਿੱਚ ਦਰਦ ਹੋਣ ‘ਤੇ ਉਸ ਨੂੰ ਸਤਨਾ ਜ਼ਿਲ੍ਹਾ ਹਸਪਤਾਲ ਵਿੱਚ ਦਿਖਾਇਆ। ਉਥੇ ਡਾਕਟਰਾਂ ਨੇ ਟੀ ਬੀ ਹੋਣ ਦੀ ਗੱਲ ਕਹਿ ਕੇ ਇਲਾਜ ਕੀਤਾ। ਬਾਅਦ ਵਿੱਚ ਉਸ ਨੂੰ ਰੀਵਾ ਮੈਡੀਕਲ ਕਾਲਜ ਦੇ ਸੰਜੇ ਗਾਂਧੀ ਹਸਪਤਾਲ ਭਰਤੀ ਕਰਾਇਆ ਗਿਆ।
ਪ੍ਰਸਿੱਧ ਮੈਡੀਸਨ ਮਾਹਰ ਡਾਕਟਰ ਅਜੈ ਤਿਵਾੜੀ ਅਨੁਸਾਰ ਇਹ ਨਿਊਰੋਸਾਈਕੋਲਾਜੀਕਲ ਡਿਸਆਰਡਰ ਹੈ। ਇਸ ਤੋਂ ਪੀੜਤ ਵਿਅਕਤੀ ਕਿੱਲ, ਕੱਚ, ਮਿੱਟੀ ਅਤੇ ਹੋਰ ਕਈ ਇਹੋ ਜਿਹੀਆਂ ਚੀਜ਼ਾਂ ਖਾ ਸਕਦਾ ਹੈ।