Breaking News

ਭਾਰਤ-ਪਾਕਿ ਦੀ ਵੰਡ ਸਮੇਂ ਵਿੱਛੜ ਗਿਆ ਸੀ ਪਰਿਵਾਰ, 70 ਸਾਲ ਬਾਅਦ ਫੇਸਬੁੱਕ ਜ਼ਰੀਏ ਇੰਝ ਮਿਲਿਆ

ਨਵਾਂਸ਼ਹਿਰ— ਸੋਸ਼ਲ ਸਾਈਟ ਫੇਸਬੁੱਕ ਨੇ ਹੁਣ ਤਕ ਕਈ ਵਿੱਛੜਿਆਂ ਨੂੰ ਮਿਲਾਇਆ ਹੈ, ਜਿਸ ‘ਚ ਅਜਿਹਾ ਹੀ ਇਕ ਪਰਿਵਾਰ ਨਵਾਂਸ਼ਹਿਰ ਦੇ ਰਾਹੋਂ ਦਾ ਰਹਿਣ ਵਾਲਾ ਹੈ, ਜੋ ਭਾਰਤ-ਪਾਕਿ ਦੀ ਵੰਡ ਸਮੇਂ ਵਿੱਛੜ ਗਿਆ ਸੀ। ਭਾਰਤ-ਪਾਕਿ ਦੀ ਵੰਡ ਸਮੇਂ ਨਵਾਂਸ਼ਹਿਰ ਦੇ ਰਾਹੋਂ ਦੇ ਕਾਹਲੋਂ ਪਰਿਵਾਰ ਦਾ ਇਕ ਮੈਂਬਰ ਪਾਕਿਸਤਾਨ ‘ਚ ਇਹ ਸੋਚ ਕੇ ਰਹਿ ਗਿਆ ਸੀ ਕਿ ਵਿਗੜੇ ਹਾਲਾਤ ਜਲਦੀ ਸੰਭਲ ਜਾਣਗੇ। ਉਸ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੋਬਾਰਾ ਮਿਲਣ ‘ਚ 70 ਸਾਲ ਲੱਗ ਜਾਣਗੇ ਅਤੇ ਇਹ ਮੌਕਾ ਵੀ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸੀਬ ਹੋਵੇਗਾ।

ਕਰੀਬ 70 ਸਾਲ ਬਾਅਦ ਦੋਵੇਂ ਪਰਿਵਾਰਾਂ ਦੀ ਦੁਬਈ ‘ਚ ਮੁਲਾਕਾਤ ਹੋਈ। ਇਸ ਖੁਆਬ ਨੂੰ ਹਕੀਕਤ ‘ਚ ਬਦਲਣ ਲਈ ਫੇਸਬੁੱਕ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਸਾਲ ਅਗਸਤ ‘ਚ ਦੋਵੇਂ ਪਰਿਵਾਰਾਂ ਨੂੰ ਇਕ-ਦੂਜੇ ਬਾਰੇ ਪਤਾ ਲੱਗ ਗਿਆ ਸੀ। ਉਦੋਂ ਤੋਂ ਹੀ ਦੋਵੇਂ ਪਰਿਵਾਰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ। ਦੁਬਈ ‘ਚ ਆਪਣੀ ਭੁਆ ਰਫਾਕਤ ਬੀਬੀ ਨਾਲ ਮਿਲ ਕੇ ਆਏ ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ-ਭਤੀਜਿਆਂ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਭੁਆ ਹੁਣ ਇਸਲਾਮਾਬਾਦ ‘ਚ ਰਹਿੰਦੀ ਹੈ। ਉਹ ਆਪਣੀਆਂ ਬੇਟਿਆਂ ਨੂੰ ਮਿਲਣ ਲਈ ਦੁਬਈ ‘ਚ ਗਈ ਸੀ। ਉਨ੍ਹਾਂ ਦੇ ਦੋਵੇਂ ਬੇਟੇ ਦੁਬਈ ਇੰਟਰਨੈਸ਼ਨਲ ਸਿਟੀ ਅਤੇ ਆਬੂਦਾਬੀ ‘ਚ ਰਹਿੰਦੇ ਹਨ।

ਜਾਣੋ ਕਿਵੇਂ ਹੋਏ ਸਨ ਵੱਖ
ਦੋ ਭਰਾ ਕਿਸ਼ਨ ਸਿੰਘ ਅਤੇ ਬਿਸ਼ਨ ਸਿੰਘ ਕਾਹਲੋ ਵੰਡ ਤੋਂ ਪਹਿਲਾਂ ਸਿਆਲਕੋਟ ਦੇ ਪਿੰਡ ਸਿਹੋਵਾਲ ‘ਚ ਰਹਿੰਦੇ ਸਨ। ਬਿਸ਼ਨ ਦਾ ਬੇਟਾ ਸੁੰਦਰ ਸਿੰਘ ਉਸ ਸਮੇਂ ਪਾਕਿ ‘ਚ ਰਹਿ ਗਿਆ। ਬਦਲੇ ਹਾਲਾਤ ਨੇ ਉਸ ਨੂੰ ਸੁੰਦਰ ਤੋਂ ਦੀਨ ਮੁਹੰਮਦ ਬਣਾ ਦਿੱਤਾ। ਉਸ ਤੋਂ ਬਾਅਦ ਉਸ ਨੇ ਇਕ ਮੁਸਲਿਮ ਲੜਕੀ ਜੋ ਭਾਰਤ ਦੇ ਪੰਜਾਬ ਤੋਂ ਉਜੜ ਕੇ ਆਈ ਸੀ, ਨਾਲ ਵਿਆਹ ਕਰ ਲਿਆ। ਉਨ੍ਹਾਂ ਦੀਆਂ ਦੋ ਬੇਟੀਆਂ ਹੋਈਆਂ। ਵੱਡੀ ਰਫਾਕਤ ਬੀਬੀ ਅਤੇ ਛੋਟੀ ਸਾਜਿਦਾ ਬੀਬੀ। ਉਨ੍ਹਾਂ ‘ਚੋਂ ਇਕ ਭੈਣ ਦੇ ਨਾਲ ਗੁਰਦੇਵ ਕਾਹਲੋਂ ਮਿਲ ਕੇ ਆਏ। ਦੂਜੇ ਪਾਸੇ ਕਿਸ਼ਨ ਸਿੰਘ ਅਤੇ ਉਨ੍ਹਾਂ ਦੇ ਬੇਟੇ ਭਗਤ ਸਿੰਘ ਆਪਣੇ ਪਰਿਵਾਰ ਸਮੇਤ ਵੰਡ ਦੇ ਸਮੇਂ ਭਾਰਤ ‘ਚ ਪੰਜਾਬ ‘ਚ ਆ ਗਏ ਸਨ ਅਤੇ ਨਵਾਂਸ਼ਹਿਰ ਦੇ ਰਾਹੋਂ ‘ਚ ਪੱਕੇ ਤੌਰ ‘ਤੇ ਰਹਿਣ ਲੱਗੇ।

ਵੰਡ ਤੋਂ ਬਾਅਦ ਦੋਵੇਂ ਭੈਣਾਂ ਨੇ ਹੋਸ਼ ਸੰਭਾਲਿਆ ਤਾਂ ਭਾਰਤ ‘ਚ ਰਹਿ ਰਹੇ ਪਰਿਵਾਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ। ਅਗਸਤ ‘ਚ ਦੀਨ ਮੁਹੰਮਦ ਦੀ ਛੋਟੀ ਬੇਟੀ ਸਾਜਿਦਾ ਪਰਵੀਨ ਨੇ ਫੇਸਬੁੱਕ ਦੇ ਜ਼ਰੀਏ ਮਿਲੇ ਨੰਬਰ ਨਾਲ ਰਾਹੋਂ ਦੇ ਵਕੀਲ ਤੇਜਿੰਦਰ ਪਾਲ ਸਿੰਘ ਕਾਹਲੋਂ ਨਾਲ ਗੱਲ ਕੀਤੀ। ਆਪਣੀ ਪਛਾਣ ਦੱਸਣ ‘ਤੇ ਦੋਵੇਂ ਪਰਿਵਾਰ ਇਕ-ਦੂਜੇ ਨਾਲ ਮਿਲ ਸਕੇ। ਪਰਿਵਾਰ ਵਾਲੇ ਵਟਸਐਪ ਅਤੇ ਫੋਨ ਜ਼ਰੀਏ ਵੀਡੀਓ ਕਾਲ ਤਾਂ ਕਰ ਲੈਂਦੇ ਸਨ ਪਰ ਰੂ-ਬ-ਰੂ ਮਿਲਣ ਦਾ ਸੁਪਨਾ ਦੁਬਈ ‘ਚ ਪੂਰਾ ਹੋਇਆ। ਉਥੇ ਹੀ ਗੁਰਦੇਵ ਸਿੰਘ ਨੇ ਕਿਹਾ ਕਿ ਭੁਆ ਰਫਾਕਤ ਨਾਲ ਮਿਲ ਕੇ ਵੀ ਅਹਿਸਾਸ ਨਹੀਂ ਹੋਇਆ ਕਿ ਉਹ ਉਸ ਪਰਿਵਾਰ ਦੇ ਮੈਂਬਰ ਹਨ, ਜਿਨ੍ਹਾਂ ਦੀ ਇਕ ਪੀੜੀ ਦੇ ਜ਼ਿਆਦਾਤਰ ਮੈਂਬਰ ਇਸ ਦੁਨੀਆ ‘ਚ ਨਹੀਂ ਹਨ।

ਉਨ੍ਹਾਂ ਨੇ ਦੱਸਿਆ ਕਿ ਉਹ ਕਰੀਬ ਇਕ ਹਫਤਾ ਦੁਬਈ ‘ਚ ਰਹੇ। ਆਉਣ ਵਾਲੇ ਮਹੀਨੇ ‘ਚ ਭਾਰਤ ‘ਚ ਉਨ੍ਹਾਂ ਦੇ ਪਰਿਵਾਰ ‘ਚ ਬੇਟੇ ਦਾ ਵਿਆਹ ਹੈ, ਜਿਸ ‘ਚ ਦੋਵੇਂ ਭੁਆ ਦਾ ਪਰਿਵਾਰ ਭਾਰਤ ਆਵੇਗਾ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!