ਯਮੁਨਾਨਗਰ : ਦੇਸ਼ ਵਿਚ ਨਿੱਤ ਦਿਨ ਲੜਕੀਆਂ ਅਤੇ ਔਰਤਾਂ ਨਾਲ ਗੈਂਗਰੇਪ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਵਿਚ ਚੰਦ ਘਟਨਾਵਾਂ ਵਿਚ ਹੀ ਪੀੜਤਾ ਜਾਂ ਪੀੜਤ ਲੜਕੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਪਾਉਂਦਾ ਹੈ ਕਿਉਂਕਿ ਅਕਸਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ ਜੋ ਮੋਟੀਆਂ ਰਕਮਾਂ ਦੇ ਕੇ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਕੇਸ ਵਿਚੋਂ ਬਚ ਨਿਕਲਦੇ ਹਨ। ਇਸ ਤੋਂ ਬਾਅਦ ਪੀੜਤ ਪਰਿਵਾਰ ਸਬਰ ਦਾ ਘੁੱਟ ਭਰ ਕੇ ਬੈਠੇ ਜਾਂਦੇ ਹਨ।
ਅਜਿਹਾ ਹੀ ਇੱਕ ਮਾਮਲਾ 22 ਸਾਲ ਪਹਿਲਾਂ ਸਾਹਮਣੇ ਆਇਆ ਸੀ, ਜਿਸ ਵਿਚ ਇੱਕ ਲੜਕੀ ਦੇ ਗੈਂਗਰੇਪ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਪੀੜਤਾ ਦੇ ਪਰਿਵਾਰ ਨੇ ਇਨਸਾ਼ਫ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ ਪਰ ਇਸ ਦੇ ਬਾਵਜੂਦ ਇਸ ਕੇਸ ਵਿਚ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ। ਜਦੋਂ ਕਿ ਇਹ ਕੇਸ ਸੀਬੀਆਈ ਕੋਲ ਵੀ ਪਹੁੰਚ ਗਿਆ ਸੀ। ਇਸ ਦੇ ਪਿੱਛੇ ਵੀ ਦੋਸ਼ੀਆਂ ਦਾ ਹਾਈਪ੍ਰੋਫਾਈਲ ਹੋਣਾ ਸ਼ਾਮਲ ਸੀ।
ਹੁਣ 22 ਸਾਲ ਬਾਅਦ ਗੈਂਗਰੇਪ ਦੇ ਬਾਅਦ ਕਤਲ ਅਤੇ ਫਿਰ ਡੈੱਡ ਬਾਡੀ ਨੂੰ ਟਿਕਾਣੇ ਲਗਾਉਣ ਦੇ ਇਸ ਮਾਮਲੇ ਵਿਚ ਐਤਵਾਰ ਨੂੰ ਨਵਾਂ ਮੋੜ ਆ ਗਿਆ ਹੈ। ਇਸ ਕੇਸ ਵਿਚ ਦੋਸ਼ੀ ਦੀ ਭੈਣ ਗੀਤਾ ਚੌਧਰੀ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਲਾਸਾ ਕੀਤਾ ਕਿ ਇਸ ਨੂੰ ਰਾਜਨੀਤਕ ਦਬਾਅ ਦੇ ਚਲਦੇ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਸੀ।
ਇਸ ਕਾਂਡ ਦੇ ਸਮੇਂ ਉਸ ਦੇ ਪਿਤਾ ਸ਼ੇਰ ਸਿੰਘ ਮੰਤਰੀ ਸਨ ਅਤੇ ਅਤੇ ਕਰੋੜਾਂ ਰੁਪਏ ਖ਼ਰਚ ਕਰਕੇ ਉਨ੍ਹਾਂ ਨੇ ਕੇਸ ਨੂੰ ਦਬਵਾ ਦਿੱਤਾ ਸੀ। ਪੀੜਤ ਲੜਕੀ ਦੀ ਲਾਸ਼ ਰੇਲਵੇ ਟ੍ਰੈਕ ਦੇ ਨੇੜਿਓਂ ਨਾਲੇ ਵਿਚੋਂ ਬੋਰੀ ਵਿਚ ਬੰਦ ਪਈ ਮਿਲੀ ਸੀ। ਘਟਨਾ 28 ਅਗਸਤ 1995 ਦੀ ਹੈ। ਯਮੁਨਾਨਗਰ ਦੇ ਰੇਲਵੇ ਵਰਕਸ਼ਾਪ ਟ੍ਰੈਕ ਦੇ ਕੋਲ ਗੰਦੇ ਨਾਲੇ ਤੋਂ ਬੋਰੀ ਵਿਚ ਇੱਕ ਨਾਬਾਲਿਗ ਲੜਕੀ ਦੀ ਲਾਸ਼ ਮਿਲੀ ਸੀ।
ਮੈਡੀਕਲ ਜਾਂਚ ਤੋਂ ਪਤਾ ਚੱਲਿਆ ਕਿ ਲੜਕੀ ਦੀ ਹੱਤਿਆ ਤੋਂ ਪਹਿਲਾਂ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ ਸੀ। ਇਸ ਮਾਮਲੇ ਵਿਚ ਹੋਰ ਮੁਲਜ਼ਮਾਂ ਦੇ ਨਾਲ ਉਸ ਸਮੇਂ ਦੇ ਜੰਗਲਾਤ ਐਂਡ ਰੈਵੇਨਿਊ ਮੰਤਰੀ ਸ਼ੇਰ ਸਿੰਘ ਦੇ ਬੇਟੇ ਰਵੀ ਚੌਧਰੀ ਦਾ ਨਾਂਅ ਵੀ ਸਾਹਮਣੇ ਆਇਆ ਸੀ ਪਰ ਭਜਨ ਲਾਲ ਦੀ ਸਰਕਾਰ ਵਿਚ ਇਹ ਕੇਸ ਠੰਡੇ ਬਸਤੇ ਵਿਚ ਚਲਾ ਗਿਆ ਸੀ।
ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਸੜਕਾਂ ‘ਤੇ ਵੀ ਉਤਰੇ ਸਨ। ਸੀਬੀਆਈ ਨੂੰ ਜਾਂਚ ਤਾਂ ਮਿਲ ਗਈ ਪਰ ਅੱਜ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਦੋਸ਼ੀ ਰਵੀ ਚੌਧਰੀ ਦੀ ਭੈਣ ਗੀਤਾ ਚੌਧਰੀ ਨੇ ਕਿਹਾ ਕਿ ਇਸ ਹੱਤਿਆ ਕਾਂਡ ਨੂੰ ਰਾਜਨੀਤਕ ਦਬਾਅ ਕਾਰਨ ਦਬਾ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਪੁੱਤਰ ਮੋਹ ਸੀ ਅਤੇ ਉਹ ਆਪਣੇ ਬੇਟੇ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ।
ਗੀਤਾ ਚੌਧਰੀ ਨੇ ਇਸ ਮਾਮਲੇ ਵਿਚ ਪੁਲਿਸ ਤੋਂ ਲੈ ਕੇ ਸੀਬੀਆਈ ਅਤੇ ਜੱਜਾਂ ਤੱਕ ਨੂੰ ਕਰੋੜਾਂ ਰੁਪਏ ਦਿੱਤੇ ਜਾਣ ਦੀ ਗੱਲ ਆਖੀ ਹੈ। ਮੀਡੀਆ ਨੇ ਜਦੋਂ ਗੀਤਾ ਚੌਧਰੀ ਤੋਂ ਪੁੱਛਿਆ ਕਿ 22 ਸਾਲ ਬਾਅਦ ਅਚਾਨਕ ਉਨ੍ਹਾਂ ਨੇ ਇਹ ਖੁਲਾਸਾ ਕਿਉਂ ਕੀਤਾ ਤਾਂ ਇਸ ‘ਤੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਬੇਟੀ ਵੱਡੀ ਹੋ ਗਈ ਹੈ ਤਾਂ ਉਨ੍ਹਾਂ ਨੂੰ ਇੱਕ ਬੇਟੀ ਦੇ ਦਰਦ ਦੇ ਬਾਰੇ ਵਿਚ ਪਤਾ ਚੱਲਿਆ ਅਤੇ ਹੁਣ ਉਹ ਪੀੜਤ ਦੇ ਪਰਿਵਾਰ ਨਾਲ ਹੈ।
ਗੀਤਾ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਉਸ ਦਾ ਭਰਾ ਰਵੀ, ਭੂਆ ਦਾ ਲੜਕਾ ਸੁਨੀਲ ਗੁਪਤਾ (ਮੁੱਖ ਦੋਸ਼ੀ) ਅਤੇ ਸਿੱਬੀ ਨਾਮ ਦਾ ਨੌਜਵਾਨ ਸਮੇਤ ਕੁੱਲ 4 ਦੋਸ਼ੀ ਸਨ। ਬਾਅਦ ਵਿਚ ਸੁਨੀਲ ਗੁਪਤਾ ਅਚਾਨਕ ਲਾਪਤਾ ਹੋ ਗਿਆ ਤਾਂ ਸਾਰਿਆਂ ਨੂੰ ਲੱਗਣ ਲੱਗਿਆ ਕਿ ਉਸ ਦੀ ਵੀ ਹੋਤਿਆ ਹੋ ਚੁੱਕੀ ਹੈ।
ਦੋਸ਼ ਹੈ ਕਿ ਮੰਤਰੀ ਸ਼ੇਰ ਸਿੰਘ ਦੀ ਤਤਕਾਲੀਨ ਮੁੱਖ ਮੰਤਰੀ ਭਜਨ ਸਿੰਘ ਨਾਲ ਨੇੜਤਾ ਦੀ ਵਜ੍ਰਾ ਕਰਕੇ ਇਸ ਮਾਮਲੇ ਨੂੰ ਦਬਾ ਦਿੱਤਾ ਗਿਆ। ਪੁਲਿਸ ਸਿਰਫ਼ ਇੱਕ ਹੀ ਵਿਅਕਤੀ ਨੂੰ ਦੋਸ਼ੀ ਮੰਨ ਕੇ ਉਸ ਦੀ ਭਾਲ ਕਰਦੀ ਰਹੀ। ਅੱਜ ਤੱਕ ਪੁਲਿਸ ਇੱਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਗੀਤਾ ਦੇ ਇਸ ਖ਼ੁਲਾਸੇ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ ਉਹ ਜੰਤਰ ਮੰਤਰ ‘ਤੇ ਜਾ ਕੇ ਆਤਮ ਹੱਤਿਆ ਕਰ ਲੈਣਗੇ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਤੋਂ ਇੱਛਾ ਮੌਤ ਦੀ ਵੀ ਮੰਗ ਕਰਨਗੇ।