ਤੁਸੀਂ ਕਈ ਵਾਰ ਲੋਕਾਂ ਦੇ ਮਰ ਕੇ ਮੁੜ ਜਿਊਂਦੇ ਹੋ ਜਾਣ ਦੀਆਂ ਗੱਲਾਂ ਸੁਣੀਆਂ ਹੋਣਗੀਆਂ। ਬਹੁਤ ਸਾਰੇ ਲੋਕ ਜੋ ਮਰ ਕੇ ਜਿਊਂਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਮੌਤ ਤੋਂ ਬਾਅਦ ਵਿਅਕਤੀ ਨੂੰ ਕੀ-ਕੀ ਦਿਖਾਈ ਦਿੰਦਾ ਹੈ। ਪੇਸ਼ੇ ਤੋਂ ਸਕਾਈਡਾਈਵਰ ਰਹਿ ਚੁੱਕੇ ਮਿਕੀ ਰੋਬਿਨਸਨ ਨਾਂ ਦੇ ਵਿਅਕਤੀ ਨੇ 47 ਸਾਲ ਪਹਿਲਾਂ ਮਰ ਕੇ ਜਿਊਂਦੇ ਹੋਣ ਦਾ ਅਹਿਸਾਸ ਕੀਤਾ ਸੀ। ਉਸ ਨੇ ਦੱਸਿਆ ਕਿ ਜਹਾਜ਼ ਕਰੈਸ਼ ਹੋਣ ‘ਤੇ ਉਸ ਦੇ ਸਰੀਰ ਦਾ ਕਾਫੀ ਹਿੱਸਾ ਝੁਲਸ ਚੁੱਕਾ ਸੀ। ਹਸਪਤਾਲ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਪਰ ਅਚਾਨਕ ਉਸ ‘ਚ ਵਾਪਸ ਜਾਨ ਆ ਗਈ।
ਮਿਕੀ ਨੇ ਕਿਹਾ ਕਿ ਉਸ ਦੇ ਦੋਸਤ ਨੂੰ ਉਸ ਨੂੰ ਜਹਾਜ਼ ‘ਚੋਂ ਕੱਢ ਰਹੇ ਸਨ ਤੇ ਫਿਰ ਹਸਪਤਾਲ ‘ਚ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ, ਇਹ ਸਭ ਉਸ ਨੂੰ ਸੁਪਨੇ ਵਾਂਗ ਦਿਖਾਈ ਦੇ ਰਿਹਾ ਸੀ। ਉਸ ਨੇ ਕਿਹਾ,”ਇਕ ਕਾਲਾ ਪਰਛਾਵਾਂ ਮੇਰੇ ਸੱਜੇ ਪਾਸੇ ਨੂੰ ਜ਼ੋਰ ਨਾਲ ਖਿੱਚ ਰਿਹਾ ਸੀ, ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੀ ਰੂਹ ਬਾਹਰ ਜਾ ਰਹੀ ਹੈ। ਮੈਨੂੰ ਸਮਝ ਆ ਗਿਆ ਸੀ ਕਿ ਮੈਂ ਮਰਨ ਵਾਲਾ ਹਾਂ।” ਉਸ ਨੇ ਕਿਹਾ ਕਿ ਉਸ ਦੀ ਰੂਹ ਪ੍ਰਮਾਤਮਾ ਕੋਲ ਚਲੀ ਗਈ ਤੇ ਉਹ ਤਰਲੇ ਕਰਕੇ ਕਹਿੰਦਾ ਰਿਹਾ ਕਿ ਉਹ ਹੋਰ ਜਿਊਣਾ ਚਾਹੁੰਦਾ ਹੈ ਤੇ ਪ੍ਰਮਾਤਮਾ ਉਸ ਦੀਆਂ ਗਲਤੀਆਂ ਨੂੰ ਮੁਆਫ ਕਰ ਦੇਵੇ। ਇਸ ਮਗਰੋਂ ਉਸ ਨੂੰ ਇੰਝ ਲੱਗਾ ਕਿ ਜਿਵੇਂ ਉਸ ਦੀ ਆਤਮਾ ਮੁੜ ਉਸ ਦੇ ਸਰੀਰ ‘ਚ ਆ ਗਈ ਅਤੇ ਉਹ ਜਿਊਂਦਾ ਹੋ ਉੱਠਿਆ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ।
ਅਜਿਹੀ ਹੀ ਘਟਨਾ ਜੂਨ 2012 ‘ਚ ਬ੍ਰਾਜ਼ੀਲ ‘ਚ ਵੀ ਵਾਪਰੀ। ਇੱਥੇ 2 ਸਾਲਾ ਬੱਚੇ ਦੀ ਨਿਮੋਨੀਆ ਕਾਰਨ ਮੌਤ ਹੋ ਗਈ ਸੀ। ਅਗਲੇ ਦਿਨ ਉਹ ਕਫਨ ‘ਚੋਂ ਉੱਠਿਆ ਤੇ ਪਾਣੀ ਮੰਗਣ ਲੱਗ ਗਿਆ। ਪਰਿਵਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 7.40 ‘ਤੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਉਨ੍ਹਾਂ ਨੂੰ ਪਲਸਟਿਕ ਦੇ ਬੈਗ ‘ਚ ਪਾ ਕੇ ਲਾਸ਼ ਦੇ ਦਿੱਤੀ। ਉਸ ਦਾ ਪਰਿਵਾਰ ਘਰ ਗਿਆ ਤੇ ਰੋ-ਰੋ ਕੇ ਸਭ ਰਿਸ਼ਤੇਦਾਰਾਂ ਨੂੰ ਇਹ ਦੁੱਖ ਦਾ ਸੁਨੇਹਾ ਦਿੱਤਾ। ਬੱਚੇ ਦੀ ਲਾਸ਼ ਸਾਰੀ ਰਾਤ ਖੁੱਲ੍ਹੇ ਹੋਏ ਕਫਨ ‘ਚ ਪਾ ਕੇ ਰੱਖੀ ਗਈ।
ਜਦ ਪਰਿਵਾਰ ਸ਼ਨੀਵਾਰ ਸਵੇਰੇ ਉਸ ਨੂੰ ਦਫਨਾਉਣ ਲਈ ਜਾਣ ਲੱਗਾ ਤਾਂ ਬੱਚਾ ਕਫਨ ‘ਚੋਂ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਾ,”ਡੈਡੀ ਕੀ ਮੈਨੂੰ ਪਾਣੀ ਮਿਲ ਸਕਦਾ ਹੈ?” ਉਸ ਦਾ ਸਾਰਾ ਪਰਿਵਾਰ ਖੁਸ਼ੀ ‘ਚ ਚੀਕਣ ਲੱਗਾ ਪਰ ਕੁੱਝ ਹੀ ਮਿੰਟਾਂ ‘ਚ ਮੁੰਡਾ ਪਹਿਲਾਂ ਵਾਂਗ ਹੀ ਫਿਰ ਲੇਟ ਗਿਆ ਤੇ ਇਕ ਵਾਰ ਫਿਰ ਮਰ ਗਿਆ। ਮੁੜ ਡਾਕਟਰਾਂ ਨੂੰ ਸੱਦਿਆ ਗਿਆ ਪਰ ਬੱਚਾ ਮਰ ਚੁੱਕਾ ਸੀ। ਬਾਅਦ ‘ਚ ਉਸ ਦੇ ਪਿਤਾ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੱਚੇ ਦੀ ਮੌਤ ਪਿੱਛੇ ਡਾਕਟਰਾਂ ਦੀ ਅਣਗਹਿਲੀ ਸੀ । ਉਸ ਨੂੰ ਗਲਤ ਦਵਾਈਆਂ ਦਿੱਤੀਆਂ ਗਈਆਂ ਸਨ।
ਇਸੇ ਤਰ੍ਹਾਂ ਦੀ ਘਟਨਾ ਭਾਰਤ ‘ਚ ਵੀ ਵਾਪਰੀ ਸੀ । ਸਾਲ 2015 ‘ਚ ਉੱਤਰ ਪ੍ਰਦੇਸ਼ ਦੇ ਬਾਦੁਆਨ ਖੇਤਰ ‘ਚ ਰਹਿਣ ਵਾਲੀ ਔਰਤ ਮਰਨ ਮਗਰੋਂ ਫਿਰ ਜਿਊਂਦੀ ਹੋ ਗਈ ਸੀ। 65 ਸਾਲਾ ਗੋਮਤੀ ਨਾਂ ਦੀ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ ਸੀ ਤੇ ਜਦ ਉਸ ਦੇ ਅੰਤਮ ਸਸਕਾਰ ਲਈ ਉਸਨੂੰ ਲੈ ਜਾਇਆ ਜਾ ਰਿਹਾ ਸੀ ਤਾਂ ਕਿਸੇ ਨੇ ਦੇਖਿਆ ਕਿ ਉਹ ਤਾਂ ਸਾਹ ਲੈ ਰਹੀ ਹੈ। ਉਹ ਉੱਠ ਕੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲੀ ਪਰ ਇਸ ਦੇ ਇਕ ਘੰਟੇ ‘ਚ ਹੀ ਉਸ ਦੀ ਮੌਤ ਹੋ ਗਈ ਸੀ ਪਰ ਇਹ ਸਭ ਚਮਤਕਾਰ ਤੋਂ ਘੱਟ ਨਹੀਂ ਸੀ।
ਓਹੀਓ ਹਸਪਤਾਲ ‘ਚ 41 ਸਾਲਾ ਬਰੇਨ ਮਿਲਰ ਦਿਲ ਦੇ ਦੌਰੇ ਕਾਰਨ ਮਰ ਗਿਆ ਸੀ ਤੇ ਇਸ ਦੇ ਲਗਭਗ 45 ਮਿੰਟਾਂ ਮਗਰੋਂ ਉਹ ਮੁੜ ਜਿਊਂਦਾ ਹੋ ਗਿਆ। ਉਸ ਨੇ ਕਿਹਾ ਕਿ ਮਰਨ ਮਗਰੋਂ ਉਹ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਨੂੰ ਮਿਲਿਆ। ਉਹ ਆਪਣੀ ਸੱਸ ਦੀ ਰੂਹ ਨੂੰ ਮਿਲਿਆ, ਉਸ ਨੇ ਕਿਹਾ ਕਿ ਮਿਲਰ ਇਹ ਸਮਾਂ ਤੇਰੇ ਮਰਨ ਦਾ ਨਹੀਂ ਹੈ। ਇਸ ਮਗਰੋਂ ਉਹ 45 ਮਿੰਟਾਂ ਦੀ ਮੌਤ ਭੋਗ ਕੇ ਮੁੜ ਜਿਊਂਦਾ ਹੋ ਗਿਆ। ਇਸ ਕਾਰਨ ਡਾਕਟਰ ਵੀ ਹੈਰਾਨ ਰਹਿ ਗਏ।