ਭੋਪਾਲ— ਇੱਥੇ ਮਾਂ ਦੀ ਮਮਤਾ ਬਿਆਨ ਕਰਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟਰੇਨ ਤੋਂ ਡਿੱਗਣ ਦੇ ਬਾਵਜੂਦ ਇਕ ਮਾਂ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਦੁੱਧ ਪਿਲਾਉਂਦੀ ਰਹੀ। ਦਮੋਹ ”ਚ ਵਿੱਤ ਮੰਤਰੀ ਜਯੰਤ ਮਲਈਆ ਦੀ ਮਿੱਲ ਨੇੜੇ ਰੇਲਵੇ ਫਾਟਕ ”ਤੇ ਬੁੱਧਵਾਰ ਦੀ ਸਵੇਰ ਕਰੀਬ 6 ਵਜੇ ਉੱਥੋਂ ਲੰਘ ਰਹੇ ਲੋਕਾਂ ਦੀ ਨਜ਼ਰ ਕਰੀਬ ਡੇਢ ਸਾਲ ਦੇ ਇਕ ਬੱਚੇ ”ਤੇ ਪਈ।
ਬੱਚਾ ਉੱਥੇ ਪਈ ਆਪਣੀ ਮਾਂ ਦੀ ਛਾਤੀ ਨਾਲ ਚਿਪਕ ਕੇ ਦੁੱਧ ਪੀ ਰਿਹਾ ਸੀ। ਲੋਕ ਨੇ ਜਦੋਂ ਕੋਲ ਜਾ ਕੇ ਔਰਤ ਨੂੰ ਹਿਲਾਇਆ ਤਾਂ ਉਨ੍ਹਾਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਔਰਤ ਦੀ ਮੌਤ ਹੋ ਚੁਕੀ ਸੀ। ਲੋਕਾਂ ਦੀ ਸੂਚਨਾ ”ਤੇ ਜੀ.ਆਰ.ਪੀ. ਪੁਲਸ ਦੀ ਅਧਿਕਾਰੀ ਕਿਰਨ ਸਿੰਘ ਮੌਕੇ ”ਤੇ ਪੁੱਜੀ। ਸ਼ੁਰੂਆਤੀ ਜਾਂਚ ”ਚ ਸਾਹਮਣੇ ਆਇਆ ਕਿ ਔਰਤ ਕਿਸੇ ਟਰੇਨ ਤੋਂ ਉਤਰਨ ਦੇ ਚੱਕਰ ”ਚ ਡਿੱਗੀ ਹੋਵੇਗੀ। ਉਸ ਦੇ ਨੱਕ ਅਤੇ ਕੰਨ ”ਚੋਂ ਨਿਕਲੇ ਖੂਨ ਤੋਂ ਅੰਦਾਜਾ ਲਾਇਆ ਗਿਆ ਕਿ ਹਾਦਸੇ ਕਾਰਨ ਉਸ ਨੂੰ ਅੰਦਰੂਨੀ ਸੱਟਾਂ ਲੱਗੀਆਂ।
ਔਰਤ ਟਰੇਨ ਤੋਂ ਡਿੱਗਣ ਕਾਰਨ ਬੇਹੋਸ਼ ਹੋ ਗਈ, ਜਿਸ ਕਾਰਨ ਬੱਚਾ ਰੋਣ ਲੱਗਾ। ਜਦੋਂ ਔਰਤ ਨੂੰ ਥੋੜ੍ਹੀ ਹੋਸ਼ ਆਈ ਤਾਂ ਉਸ ਨੇ ਮਦਦ ਦੀ ਆਸ ਤੱਕ ਭੁੱਖ-ਪਿਆਸ ਨਾਲ ਬਿਲਖਦੇ ਬੱਚੇ ਨੂੰ ਬਿਸਕੁੱਟ ਦਿੱਤਾ ਅਤੇ ਉਸ ਨੂੰ ਛਾਤੀ ਨਾਲ ਚਿਪਾ ਕੇ ਦੁੱਧ ਪਿਲਾਉਣ ਲੱਗੀ।
ਔਰਤ ਦੇ ਕੋਲ ਹੀ ਬਿਸਕੁੱਟ ਦਾ ਪੈਕੇਟ ਮਿਲਿਆ ਹੈ। ਹਾਲਾਂਕਿ ਇਸ ਦੌਰਾਨ ਔਰਤ ਦੀ ਮੌਤ ਹੋ ਗਈ। ਬੱਚਾ ਆਪਣੀ ਮਾਂ ਦੀ ਮੌਤ ਤੋਂ ਬੇਖਬਰ ਛਾਤੀ ਨਾਲ ਚਿਪਕ ਕੇ ਦੁੱਧ ਪੀਂਦਾ ਰਿਹਾ।
ਉਸ ਦੇ ਹੱਥ ”ਚ ਬਿਸਕੁੱਟ ਦਾ ਟੁੱਕੜਾ ਵੀ ਸੀ। ਅਜੇ ਤੱਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਕੋਲੋਂ ਇਕ 500 ਅਤੇ 70 ਰੁਪਏ ਮਿਲੇ ਹਨ। ਉਸ ਕੋਲ ਮਿਲੇ ਪਰਸ ਦੇ ਆਧਾਰ ”ਤੇ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਉਹ ਟੀਕਮਗੜ੍ਹ ਦੀ ਹੋਵੇਗੀ। ਪਰਸ ”ਤੇ ਟੀਕਮਗੜ੍ਹ ਦੇ ਜਿਊਲਰਜ਼ ਦੀ ਦੁਕਾਨ ਦਾ ਨਾਂ ਲਿਖਿਆ ਹੋਇਆ ਹੈ। ਔਰਤ ਕੋਲੋਂ ਕਿਸੇ ਟਰੇਨ ਦਾ ਟਿਕਟ ਨਹੀਂ ਮਿਲਿਆ ਹੈ।