ਪੰਜਾਬ ਵਿੱਚ ਡੇਰਾਵਾਦ ਦੀ ਸਮੱਸਿਆ ਵਿਕਰਾਲ ਰੂਪ ਧਾਰਣ ਕਰ ਰਹੀ ਹੈ। ਸਿੱਟੇ ਵਜੋਂ ਕਦੀ ਨਿਰੰਕਾਰੀਆਂ, ਕਦੀ ਆਸ਼ੂਤੋਸ਼ ਨੂਰਮਹਿਲੀਏ, ਕਦੀ ਪਿਆਰੇ ਭਨਿਆਰੇ, ਕਦੀ ਸੌਦਾ ਸਾਧ ਅਤੇ ਕਦੀ ਡੇਰਾ ਸੱਚਖੰਡ ਬੱਲਾਂ ਦੇ ਚੇਲਿਆਂ ਨਾਲ ਸਿੱਖਾਂ ਦਾ ਤਕਰਾਰ ਚਲਦਾ ਰਹਿੰਦਾ ਹੈ ਤੇ ਅਨੇਕਾਂ ਵਾਰ ਖੂਨੀ ਟਕਰਾਅ ਵਿੱਚ ਵੀ ਤਬਦੀਲ ਹੋ ਚੁੱਕਾ ਹੈ। 1978 ‘ਚ ਵਾਪਰੇ ਨਿਰੰਕਾਰੀ ਨੇ ਤਾਂ ਡੇੜ ਦਹਾਕੇ ਤੋਂ ਵੱਧ ਦੇ ਸਮੇਂ ਤੱਕ ਪੰਜਾਬ ਦੇ ਹਾਲਤ ਬਦਤਰ ਬਣਾਈ ਰੱਖੇ ਜਿਸ ਕਾਰਣ ਪੰਜਾਬੀ ਤੇ ਖਾਸ ਕਰਕੇ ਸਿੱਖਾਂ ਨੂੰ ਲੱਗੇ ਜ਼ਖ਼ਮ ਸਦੀਆਂ ਤੱਕ ਰਿਸਦੇ ਰਹਿਣਗੇ।
ਹੁਣ ਡੇਰਾ ਬਿਆਸ ਦੀ ਗੁੰਡਾਗਰਦੀ ਸਭ ਹੱਦਾਂ ਬੰਨੇ ਪਾਰ ਕਰਨ ਵੱਲ ਵੱਧ ਰਹੀ ਹੈ। ਭੂਮਾਫੀਆ ਦਾ ਰੂਪ ਧਾਰਨ ਕਰ ਚੁੱਕੇ ਡੇਰਾ ਬਿਆਸ ਵੱਲੋਂ ਆਪਣੇ ਡੇਰੇ ਦੇ ਵਿਸਥਾਰ ਲਈ ਆਸ ਪਾਸ ਦੇ ਅਨੇਕਾਂ ਪਿੰਡਾਂ ‘ਤੇ ਕਬਜ਼ਾ ਕਰਨ ਉਪ੍ਰੰਤ ਇੱਕ ਗੁਰਦੁਆਰੇ ਨੂੰ ਹੀ ਢਾਹ ਕੇ ਆਪਣੇ ਵਿੱਚ ਮਿਲਾ ਲੈਣ ਨਾਲ ਇਹ ਅਤਿ ਦੀ ਉਸ ਸਿਖਰ ‘ਤੇ ਪਹੁੰਚ ਗਿਆ ਹੈ, ਜਿਸ ਨਾਲ ਪੰਜਾਬ ਦੀ ਧਰਤੀ ‘ਤੇ ਉਸੇ ਤਰ੍ਹਾਂ ਨਸੂਰ ਦੀ ਸ਼ਕਲ ਅਖਤਿਆਰ ਕਰ ਜਾਵੇਗਾ ਜਿਸ ਤਰ੍ਹਾਂ ਭਾਰਤ ਵਿੱਚ ਬਾਬਰੀ ਮਸਜਿਦ ਨੇ ਧਾਰਨ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵਰਸੋਈ ਧਰਤੀ ‘ਤੇ ਅਜੇਹੀ ਸਮੱਸਿਆ ਪੈਦਾ ਹੋਣ ਅਤੇ ਇਸਦੇ ਤੇਜੀ ਨਾਲ ਵਧਣ ਫੁੱਲਣ ਦੇ ਮੁੱਖ ਕਾਰਣ ਹਨ ਗੁਰਬਾਣੀ ਦੇ ਅਰਥਬੋਧ ਤੋਂ ਅਗਿਆਨਤਾ, ਪੰਥਕ ਜਥੇਬੰਦੀਆਂ ਦੀ ਆਪਸੀ ਫੁੱਟ ਅਤੇ ਮੀਰੀ ਪੀਰੀ ਦੇ ਸਿਧਾਂਤ ਦੀ ਕੇਵਲ ਸਤਾ ਪ੍ਰਾਪਤੀ ਲਈ ਦੁਰਵਰਤੋਂ ਵਿੱਚ ਲਗਾਤਾਰ ਹੋ ਰਿਹਾ ਵਾਧਾ।ਪੰਜਾਬ ਦੇ ਸਿੱਖਾਂ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਤਾਂ ਹੈ ਪਰ ਗੁਰਬਾਣੀ ਦੇ ਅਰਥਬੋਧ ਤੋਂ ਅਗਿਆਨਤਾ ਹੋਣ ਕਾਰਣ ਗੁਰਮਤਿ ਸਿਧਾਂਤਾਂ ਤੋ ਕੋਹਾਂ ਦੂਰ ਹਨ। ਸਿੱਖ ਸਿਧਾਂਤਾਂ ਤੋਂ ਕੋਰੇ ਹੋਣ ਕਾਰਣ ਬਹੁਗਿਣਤੀ ਅਜੋਕੇ ਸਿੱਖ ਉਨ੍ਹਾਂ ਸਾਰੀਆਂ ਅਲਾਮਤਾਂ; ਜਿਵੇਂ ਕਿ ਮਨੁੱਖੀ ਵਿਤਕਰੇ, ਆਰਥਿਕ ਸਾਧਨਾ ਦੀ ਕਾਣੀ ਵੰਡ, ਪੁਜਾਰੀਵਾਦ, ਧਰਮ ਦੇ ਨਾਂਮ ਤੇ ਕਰਮਕਾਂਡ, ਜਾਤੀਵਾਦ, ਵਹਿਮਾਂ ਭਰਮਾਂ ਤੋਂ ਬੁਰੀ ਤਰ੍ਹਾਂ ਗ੍ਰਸਤ ਹਨ; ਜਿਨ੍ਹਾਂ ਨੂੰ ਦੂਰ ਕਰਨ ਲਈ ਸਿੱਖ ਗੁਰੂ ਸਾਹਿਬਾਨ ਨੇ 10 ਜਾਮੇ ਧਾਰਨ ਕਰਕੇ 239 ਸਾਲ ਦੇ ਲੰਬੇ ਸਮੇਂ ਦੌਰਾਨ ਕਠਿਨ ਘਾਲਨਾ ਘਾਲੀ ਤੇ ਇਸ ਉਪ੍ਰੰਤ ਗੁਰਮਤਿ ਫ਼ਿਲਾਸਫ਼ੀ ਨੂੰ ਸਮਝਣ ਵਾਲੇ ਅਨੇਕਾਂ ਮਰਜੀਵੜੇ ਸਿੰਘ ਅੱਜ ਤੱਕ ਸੰਘਰਸ਼ੀਲ ਹਨ, ਅਣਗਿਣਤ ਸ਼ਹੀਦੀਆਂ ਦੇ ਜਾਮ ਪੀ ਚੁੱਕੇ ਹਨ ਤੇ ਅਨੇਕਾਂ ਹੋਰ ਅਣਮਨੁੱਖੀ ਸਰਕਾਰੀ ਤੇ ਗੈਰਸਰਕਾਰੀ ਤਸੀਹਿਆਂ ਦਾ ਸ਼ਿਕਾਰ ਹੋ ਚੁੱਕੇ ਹਨ।
ਗਿਆਨ ਬਿਹੂਣੇ ਸਿੱਖਾਂ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਦਾ ਮੁਢਲਾ ਫਾਇਦਾ ਆਪੂ ਬਣੇ ਸਿੱਖ ਸੰਤਾਂ ਨੇ ਉਠਾਇਆ ਤੇ ਅਨੇਕਾਂ ਡੇਰੇ ਹੋਂਦ ਵਿੱਚ ਲਿਆਂਦੇ। ਸ਼ੁਰੂਆਤੀ ਸਮੇਂ ‘ਚ ਬੇਸ਼ੱਕ ਇਹ ਡੇਰੇਦਾਰ ਸਿੱਖ ਧਰਮ ਦੇ ਪ੍ਰਚਾਰਕ ਹੀ ਲਗਦੇ ਹਨ ਪਰ ਹੌਲੀ ਹੌਲੀ ਇਹ, ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਪ੍ਰਾਪਤ ਕਰਕੇ ਸਿੱਧਾ ਅਕਾਲ ਪੁਰਖ ਨਾਲ ਸਬੰਧ ਜੋੜਨ ਵਾਲੇ ਖ਼ਾਲਸੇ ਅਤੇ ਗੁਰੂ/ਅਕਾਲ ਪੁਰਖ਼ ਵਿੱਚਕਾਰ ਵਿਚੋਲੇ ਬਣ ਬੈਠੇ।