ਸੁਨਾਰੀਆ ਜੇਲ੍ਹ ਵਿੱਚ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਕੈਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਅੱਜ ਉਸ ਦੇ ਪਰਿਵਾਰ ਨੇ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲਿਆਂ ਵਿੱਚ ਡੇਰਾ ਮੁਖੀ ਦੀ ਪਤਨੀ, ਪੁੱਤਰ, ਜਵਾਈ, ਧੀ ਤੇ ਨੂੰਹ ਸ਼ਾਮਲ ਸਨ।ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਪਾਉਣ ਤੋਂ ਬਾਅਦ ਡੇਰਾ ਮੁਖੀ ਦੀ ਪਤਨੀ ਨੇ ਅੱਜ ਪਹਿਲੀ ਵਾਰ ਉਸ ਨਾਲ ਮੁਲਾਕਾਤ ਕੀਤੀ ਹੈ। ਇਹ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਡੇਰਾ ਮੁਖੀ ਦੀ ਪਤਨੀ ਹਾਸ਼ੀਏ ‘ਤੇ ਹੀ ਰਹਿੰਦੀ ਹੈ।
ਉਹ ਡੇਰੇ ਦੀਆਂ ਸਰਗਰਮੀਆਂ ਵਿੱਚ ਕੋਈ ਖਾਸ ਸਰਗਰਮੀ ਵੀ ਨਹੀਂ ਸੀ ਵਿਖਾਉਂਦੀ ਪਰ ਸੂਤਰਾਂ ਨੇ ਦੱਸਿਆ ਹੈ ਕਿ ਇਸ ਵਾਰ ਡੇਰਾ ਮੁਖੀ ਨੇ ਆਪਣੀ ਪਤਨੀ ਨਾਲ ਕਾਫੀ ਲੰਮੀ ਗੱਲਬਾਤ ਕੀਤੀ।
ਪਰਿਵਾਰ ਵਾਲਿਆਂ ਨੇ ਰਾਮ ਰਹੀਮ ਲਈ ਦੀਵਾਲੀ ਮੌਕੇ ਕੁਝ ਮਿਠਾਈਆਂ ਤੇ ਕੱਪੜੇ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ। ਇਸ ਦੇ ਨਾਲ ਪਰਿਵਾਰ ਨੇ ਡੇਰਾ ਮੁਖੀ ਦੀ ਢੂਹੀ ਦਾ ਐਕਸ-ਰੇਅ ਵੀ ਜੇਲ੍ਹ ਪ੍ਰਸ਼ਾਸਨ ਨੂੰ ਸੌਂਪਿਆ। ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਕਈ ਵਾਰ ਆਪਣੇ ਪਿੱਠ ਦਰਦ ਦੀ ਸ਼ਿਕਾਇਤ ਕਰ ਚੁੱਕਾ ਹੈ। ਉਸ ਦਾ ਜੇਲ੍ਹ ਵਿੱਚ ਹੀ ਇਲਾਜ ਜਾਰੀ ਹੈ। ਬੀਤੇ ਹਫਤੇ ਡੇਰਾ ਮੁਖੀ ਦੀ ਮਾਂ ਨੇ ਵੀ ਉਸ ਨਾਲ ਮੁਲਾਕਾਤ ਕੀਤੀ ਸੀ।
ਦੁਪਿਹਰ ਤਿੰਨ ਕੁ ਵਜੇ ਰੋਹਤਕ ਜੇਲ੍ਹ ਅੱਪੜੇ ਡੇਰਾ ਮੁਖੀ ਦੀ ਪਤਨੀ ਹਰਜੀਤ ਕੌਰ, ਪੁੱਤਰ ਜਸਮੀਤ ਇੰਸਾ, ਨੂੰਹ ਉਸਨਮੀਤ, ਧੀ ਚਰਨਪ੍ਰੀਤ, ਜਵਾਈ ਰੂਹਮੀਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਗੁਰਮੀਤ ਰਾਮ ਰਹੀਮ ਦਾ ਇਲਾਜ ਕਿਸੇ ਮਾਹਰ ਡਾਕਟਰ ਤੋਂ ਕਰਵਾਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਪਿੱਠ ਦਾ ਇਲਾਜ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਕਰ ਰਹੀ ਹੈ। ਉਸ ਦਾ ਜੇਲ੍ਹ ਦੇ ਹਸਪਤਾਲ ਵਿੱਚ ਹੀ ਇਲਾਜ ਚੱਲ ਰਿਹਾ ਹੈ।
ਡੇਰਾ ਮੁਖੀ ਦਾ ਪਰਿਵਾਰ ਤਕਰੀਬਨ 3 ਵਜੇ ਤੋਂ ਲੈ ਕੇ ਪੌਣੇ ਪੰਜ ਵਜੇ ਤਕ ਜੇਲ੍ਹ ਵਿੱਚ ਰਿਹਾ। ਗੁਰਮੀਤ ਰਾਮ ਰਹੀਮ ਨੇ ਸਭ ਨਾਲ ਵੱਖੋ-ਵੱਖ ਮੁਲਾਕਾਤ ਕੀਤੀ ਤੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ।