ਬਾਗਪਤ- ਦਾਜ ਲੈਣ ਲਈ ਜਿੱਥੇ ਭਾਰਤ ਵਿੱਚ ਨੂੰਹਾਂ ਨੂੰ ਮਾਰਿਆ ਜਾ ਰਿਹਾ ਹੈ, ਉਥੇ ਇੱਕ ਨੌਜਵਾਨ ਨੇ ਦਾਜ ਦੇ ਖਿਲਾਫ ਮਿਸਾਲ ਪੇਸ਼ ਕਰਦੇ ਹੋਏ ਦੁਲਹਨ ਨੂੰ ਅਸਲੀ ਦਾਜ ਦੱਸਿਆ ਤੇ ਸ਼ਗਨ ਵਿੱਚ ਲੜਕੀ ਵਾਲਿਆਂ ਵੱਲੋਂ ਦਿੱਤਾ ਗਿਆ 15 ਲੱਖ ਦਾ ਚੈਕ ਪਾੜ ਦਿੱਤਾ।
ਦਾਜ ਨੂੰ ਦੈਂਤ ਦੱਸਣ ਵਾਲੇ ਨੌਜਵਾਨ ਨਿਤਿਨ ਦੀ ਸਾਰੇ ਪ੍ਰਸ਼ੰਸਾ ਕਰ ਰਹੇ ਹਨ। ਗੁਰਾਨਾ ਪਿੰਡ ਦਾ ਨਿਤਿਨ ਤੋਮਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐੱਸ ਐੱਫ) ਵਿੱਚ
ਇੰਸਪੈਕਟਰ ਹੈ। ਉਸ ਦੀ ਤੈਨਾਤੀ ਉੜੀਸਾ ਵਿੱਚ ਹੈ। ਨਿਤਿਨ ਦਾ ਵਿਆਹ ਕੱਲ੍ਹ ਸ਼ਾਮਲੀ ਜ਼ਿਲ੍ਹੇ ਦੇ ਢਿੰਢਾਵਲੀ
ਪਿੰਡ ਵਿੱਚ ਸਤਵੀਰ ਬਾਲਿਆਨ ਦੀ ਧੀ ਵਿਸ਼ੂ ਬਲਿਆਨ ਨਾਲ ਹੋ ਰਿਹਾ ਸੀ। ਲੜਕੀ ਵਾਲੇ ਟੇਵਾ ਲੈ ਕੇ ਲੜਕੇ ਨੂੰ ਸ਼ਗਨ ਦੀ ਰਸਮ ਦੇਣ ਲਈ ਗੁਰਾਨਾ ਪਹੁੰਚੇ।
ਇਸ ਮੌਕੇ ਲੜਕੀ ਵਾਲਿਆਂ ਨੇ 15 ਲੱਖ ਰੁਪਏ ਦਾ ਚੈੱਕ ਸੌਂਪਿਆ। ਨਿਤਿਨ ਨੇ ਇਹ ਕਹਿ ਕੇ ਚੈਕ ਪਾੜ ਦਿੱਤਾ ਕਿ ਉਹ ਦਾਜ ਨੂੰ ਦੈਂਤ ਮੰਨਦੇ ਹਨ, ਉਹ ਬਿਨਾਂ ਦਾਜ ਦੇ ਵਿਆਹ ਕਰਨਗੇ।
ਨਿਤਿਨ ਦੇ ਪਿਤਾ ਦਿਨੇਸ਼ ਤੋਮਰ ਨੇ ਕਿਹਾ ਕਿ ਉਹ ਬੇਟੇ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਨਿਤਿਨ ਦੇ ਛੋਟੇ ਭਰਾ ਹਨੀ ਤੋਮਰ ਨੇ ਵੀ ਸੰਕਲਪ ਕਰ ਲਿਆ ਕਿ ਉਹ ਆਪਣੇ ਵਿਆਹ ਵਿੱਚ ਦਾਜ ਨਹੀਂ ਲਵੇਗਾ।
ਨਿਤਿਨ ਤੋਮਰ ਆਪਣੇ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਨ। ਉਨ੍ਹਾਂ ਦੇ ਪਿਤਾ ਦਿਨੇਸ਼ ਤੋਮਰ ਖੇਤੀਬਾੜੀ ਦੇ ਇਲਾਵਾ ਆਟੋਮੋਬਾਈਲ ਮਕੈਨਿਕ ਵੀ ਹਨ।