ਗੁਰਦਾਸਪੁਰ : ਸਥਾਨਕ ਲੋਕ ਸਭਾ ਉਪ ਚੋਣ ਦੌਰਾਨ ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਣ ਨਾਲ ਉਸ ਦੀ ਭਾਈਵਾਲ ਪਾਰਟੀ ਭਾਜਪਾ ਦੀਆਂ ਮੁਸ਼ਕਲਾਂ ਵਧ ਗਈਆਂ ਸਨ, ਉਥੇ ਹੁਣ ਭਾਜਪਾ ਦੀਆਂ ਇਹ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਸਵਰਨ ਸਲਾਰੀਆ ਵੀ ਵਿਵਾਦਾਂ ਵਿਚ ਘਿਰ ਗਏ ਹਨ।ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਲਾਰੀਆ ‘ਤੇ ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰਨ ਅਤੇ ਬਲਾਤਕਾਰ ਦੇ ਕਥਿਤ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਵੀਰਵਾਰ ਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਆਗੂਆਂ ਦੇ ਚਿਹਰਿਆਂ ‘ਤੇ ਹਵਾਈਆਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ।
ਸੁਪਰੀਮ ਕੋਰਟ ਨੇ ਪੀੜਤਾ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਉਥੇ ਪੀੜਤਾ ਨੇ ਅੰਦਰੂਨੀ ਸਬੰਧਾਂ ਦੀਆਂ ਕੁਝ ਤਸਵੀਰਾਂ ਵੀ ਜਨਤਕ ਕੀਤੀਆਂ
ਹਨ ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪੀੜਤਾ ਦਾ ਕਥਿਤ ਇਲਜ਼ਾਮ ਹੈ ਕਿ ਸਵਰਨ ਸਲਾਰੀਆ ਅਤੇ ਉਸ ਦੇ ਸਬੰਧ 1982 ਤੋਂ 2014 ਤੱਕ ਰਹੇ।
ਇਸ ਦੌਰਾਨ ਵਿਆਹ ਦਾ ਝਾਂਸਾ ਦੇ ਕੇ ਸਲਾਰੀਆ ਉਸ ਨਾਲ ਵਾਰ-ਵਾਰ ਸਰੀਰਕ ਸਬੰਧ ਬਣਾਉਂਦਾ ਰਿਹਾ
ਪਰ 2014 ਵਿੱਚ ਸਲਾਰੀਆ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰੇਗਾ।
ਇਸ ਤੋਂ ਬਾਅਦ ਉਸ ਨੂੰ ਮੁੰਬਈ ਵਿਚ ਪੇਇੰਸ ਗੈਸਟ ਦੇ ਤੌਰ ‘ਤੇ ਰੱਖਿਆ ਗਿਆ ਅਤੇ ਬਾਅਦ ਵਿੱਚ ਫਲੈਟ ਲੈ ਕੇ ਦਿੱਤਾ ਗਿਆ।
ਪੀੜਤਾ ਨੇ ਸਲਾਰੀਆ ‘ਤੇ ਬਲਾਤਕਾਰ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਇਸ ਬਾਰੇ ਵਿਚ ਜਦੋਂ ਸਵਰਨ ਸਲਾਰੀਆ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਉੱਧਰ ਬਲਾਤਕਾਰ ਅਤੇ ਧੋਖਾਧੜੀ ਦੇ ਇਲਜ਼ਾਮ ਦਾ ਮਾਮਲਾ ਚੋਣ ਕਮਿਸ਼ਨ ਤੱਕ ਵੀ ਪਹੁੰਚ ਗਿਆ ਹੈ। ਇਸੇ ਦੌਰਾਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸਲਾਰੀਆ ਦਾ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਭਾਜਪਾ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ ਅਪਰਾਧਿਕ ਮਾਮਲਿਆਂ ਦੇ ਚੱਲ ਰਹੇ ਕੇਸ ਦੀ ਜਾਣਕਾਰੀ ਛੁਪਾਈ ਹੈ।
ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਸਬੰਧੀ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਚੋਣ ਅਧਿਕਾਰੀ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਨੇ 15 ਦਸੰਬਰ 2014 ਨੂੰ ਉਸ ‘ਤੇ ਧਾਰਾ 376, 420, 306 ਅਤੇ ਐੱਸਸੀ ਐਕਟ ਦੇ ਤਹਿਤ ਪਰਚਾ ਦਰਜ ਕਰਵਾਇਆ ਸੀ।
ਗੁਰਦਾਸਪੁਰ ਜਿਮਨੀ ਚੋਣ ਦੌਰਾਨ ਸਾਹਮਣੇ ਆਏ ਉਕਤ ਮਾਮਲਿਆਂ ਤੋਂ ਬਾਅਦ ਭਾਜਪਾ ਦੀ ਮੌਜੂਦਾ ਸਥਿਤੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਭਾਜਪਾ ਨੇ ਇਸ ਸੀਟ ‘ਤੇ ਆਪਣੀ ਜਿੱਤ ਨੂੰ ਬਰਕਰਾਰ ਰੱਖਣ ਲਈ ਸਲਾਰੀਆ ਨੂੰ ਇੱਕ ਤਕੜੇ ਅਤੇ ਪ੍ਰਭਾਵਸ਼ਾਲੀ ਉਮੀਦਵਾਰ ਵਜੋਂ ਟਿਕਟ ਦਿੱਤੀ ਸੀ ਜਦੋਂ ਕਿ ਇਹ ਟਿਕਟ ਮਰਹੂਮ ਸਾਂਸਦ ਵਿਨੋਦ ਖੰਨਾ ਦੀ ਪਤੀ ਕਵਿਤਾ ਖੰਨਾ ਮੰਗ ਰਹੀ ਸੀ, ਪਰ ਹੁਣ ਜਦੋਂ ਸਲਾਰੀਆ ‘ਤੇ ਇੱਕ ਔਰਤ ਵੱਲੋਂ ਬਲਾਤਕਾਰ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ ਤਾਂ ਭਾਜਪਾ ਚਾਰੇ ਪਾਸੇ ਤੋਂ ਘਿਰੀ ਹੋਈ ਨਜ਼ਰ ਆ ਰਹੀ ਹੈ।
ਉੱਧਰ ਕਾਂਗਰਸ ਇਨ੍ਹਾਂ ਮਾਮਲਿਆਂ ਦਾ ਖ਼ੂਬ ਫਾਇਦਾ ਉਠਾ ਰਹੀ ਹੈ। ਕਾਂਗਰਸ ਨੇ ਵੀ ਇਸ ਸੀਟ ਤੋਂ ਜਿੱਤ ਪ੍ਰਾਪਤ ਕਰਨ ਦੇ ਮਨਸੂਬੇ ਆਪਣੇ ਤਕੜੇ ਉਮੀਦਵਾਰ ਸੁਨੀਲ ਜਾਖੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ। ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਸੁਰੇਸ਼ ਖਜੂਰੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਅਕਾਲੀ ਦਲ ਅਤੇ ਭਾਜਪਾ ਵਿਚ ਸਾਹਮਣੇ ਆਏ ਇਨ੍ਹਾਂ ਵਿਵਾਦਤ ਮਾਮਲਿਆਂ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਸਥਾਨਕ ਜਨਤਾ ਕਿਸ ਆਗੂ ਦੇ ਸਿਰ ਜਿੱਤ ਦਾ ਤਾਜ਼ ਸਜਾਉਂਦੀ ਹੈ?