ਅਸੀਂ ਪਿੱਟਦੇ ਰਹਿੰਨੇ ਆਂ ਕਿ ਨੌਕਰਸ਼ਾਹ ਇਮਾਨਦਾਰ ਨਹੀਂ ਹੁੰਦੇ, ਪਰ ਅਸੀਂ ਵੀ ਕਿੱਥੇ ਇਮਾਨਦਾਰ ਹਾਂ ….? ਜੇ ਇਮਾਨਦਾਰ ਹੋਈਏ ਤਾਂ ਇਮਾਨਦਾਰਾਂ ਦੇ ਨਾਲ਼ ਨਾ ਖੜੀਏ…? ਕਾਹਨ ਸਿੰਘ ਪਨੂੰ ਆਪਣੀ ਇਮਾਨਦਾਰੀ ਤੇ ਫਰਜ਼ ਪ੍ਰਤੀ ਸਮਰਪਤ-ਭਾਵ ਲਈ ਜਾਣਿਆ ਜਾਂਦਾ ਹੈ । ਪਿਛਲੀ ਸਰਕਾਰ ਵੇਲੇ ਜਦੋਂ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਹੁੰਦਿਆਂ ਪੰਨੂੰ ਨੇ ਬੁੱਢਾ ਨਾਲੇ ਵਿਚ ਸੁੱਟਿਆ ਜਾਂਦਾ ਫੈਕਟਰੀਆਂ ਦਾ ਪਾਣੀ ਰੁਕਵਾਇਆ ਸੀ ਤਾਂ ਉਸ ਨੂੰ ਜ਼ਲੀਲ ਕਰਕੇ ਉੱਥੋਂ ਬਦਲ ਦਿੱਤਾ ਗਿਆ ਸੀ,
ਕੀ ਅਸੀਂ ਬੋਲੇ …? ਜਦਕਿ ਉਹ ਕੱਲੇ ਆਪਣੇ ਬੱਚਿਆਂ ਲਈ ਨਹੀਂ ਸਾਡੇ ਬੱਚਿਆਂ ਲਈ ਵੀ ਲੜ ਰਿਹਾ ਸੀ । ਫਿਰ ਸਿੱਖਿਆ ਵਿਭਾਗ ‘ਚ ਆਇਆ ਤਾਂ ਉਸ ਨੇ ਘੁਟਾਲਿਆਂ ਦੀ ਲੜੀ ਬਾਹਰ ਕੱਢ ਦਿੱਤੀ, ਨਤੀਜਾ ਕੀ ਹੋਇਆ ..? ਉਸ ਨੂੰ ਪੰਜਾਬ ਦੇ ਬਾਹਰ ਛਿੱਤਰ ਮਾਰ ਕੇ ਸਜ਼ਾ ਦਿੱਤੀ ਗਈ, ਅਸੀਂ ਫੇਰ ਵੀ ਚੁੱਪ ਰਹੇ। ਉਹ ਘੁਟਾਲੇ ਕੀਹਦੇ ਲਈ ਕੱਢ ਰਿਹਾ ਸੀ…? ਉਹਨੇ ਤਾਂ ਤਨਖ਼ਾਹ ਲੈਣੀ ਸੀ, ਖਸਮਾਂ ਦਾ ਸਿਰ ਖਾਂਦਾ ਘੁਟਾਲਾ ਤੇ ਘੁਟਾਲੇਬਾਜ਼ ਲਈ ਜਾਂਦਾ।
ਇਸ ਸਰਕਾਰ ਨੇ ਪੰਨੂੰ ਨੂੰ ਤਕਨੀਕੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾ ਦਿੱਤਾ। ਜਦੋਂ ਉਸ ਨੇ ਕੁਝ ਹਫਤਿਆਂ ‘ਚ ਅੱਧੀ ਦਰਜ਼ਨ ਵੱਡੇ ਤਕਨੀਕੀ ਸੰਸਥਾਨ ਗੜਬੜੀ ਕਰਦੇ ਫੜ ਲਏ ਤਾਂ ਉਸ ਨੂੰ ਬਦਲ ਦਿੱਤਾ ਗਿਆ, ਕੀ ਸਾਡੇ ਖ਼ਾਨੇ ਪਈ ਕਿ ਚੋਰ ਏਨੇ ਜ਼ੋਰਾਵਰ ਹੋ ਗਏ ਹਨ ਕਿ ਉਹ ਈਮਾਨ ਨੂੰ ਚਿੱਟੇ ਦਿਨ ਜੜੋਂ ਈ ਪੈ ਗਏ, ਫੇਰ ਕੀ ਅਸੀਂ ਕੁਸਕੇ ….? ਹੁਣ ਪੰਨੂੰ ਫੇਰ ਪ੍ਰਦੂਸ਼ਣ ਬੋਰਡ ‘ਚ ਆਇਆ ਤਾਂ ਉਸ ਨੇ ਨਾ ਸਿਰਫ ਫੇਰ ਫੈਕਟਰੀਆਂ ‘ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਬਲਕਿ ਵੱਡੇ-ਵੱਡੇ ਸਰਦਾਰਾਂ ਦੀਆਂ ਬੱਸਾਂ ਤੋਂ ਪ੍ਰੈਸ਼ਰ ਹਾਰਨ ਲੁਹਾਉਣੇ ਸ਼ੁਰੂ ਕਰ ਦਿੱਤੇ, ਨਤੀਜਾ ਕੀ ਹੋਇਆ…? ਪੰਨੂੰ ਦੇ ਚੱਲ ਫੇਰ ਤਬਾਦਲੇ ਦੇ ਹੁਕਮ ਹੋਣ ਲੱਗ ਪਏ ਆ ਤਿਆਰ….ਵੇਖਿਓ ! ਬੋਲਣਾ ਅਸੀਂ ਹੁਣ ਵੀ ਨਹੀਂ …ਕਿਉਂਕਿ ਅਸੀਂ ਨਿਜ਼ਾਮ ਤਾਂ ਇਮਾਨਦਾਰ ਚਾਹੁੰਨੇ ਆਂ ਪਰ ਇਮਾਨਦਾਰ ਸੰਗ ਇਮਾਨਦਾਰੀ ਨਾਲ਼ ਖੜਦੇ ਨਹੀਂ। ਮੈਂ ਸਰਕਾਰ ਤੋਂ ਪੁੱਛਦਾ ਹਾਂ ਕਿ ਜੇ ਉਹਦੇ ‘ਚ ਕੋਈ ਨੁਕਸ ਹੈ ਜਾਂ ਦੋਸ਼ ਸਾਬਤ ਹੁੰਦੇ ਨੇ ਤਾਂ ਫੇਰ ਉਹਦੇ ‘ਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ …? ਆਹ ਕੀ ਪਖੰਡ ਹੈ ਕਿ ਚਾਰ ਦਿਨ ਉੱਥੇ, ਚਾਰ ਦਿਨ ਉੱਥੇ।
ਮੈਂ ਪੰਨੂੰ ਦੇ ਨਾਲ਼ ਹਾਂ ਤੇ ਉਸ ਨੂੰ ਤਬਾਦਲਿਆਂ ਦੇ ਰੂਪ ‘ਚ ਦਿੱਤੀ ਜਾਂਦੀ ਜਲਾਲਤ ਦੇ ਬਰਖ਼ਿਲਾਫ਼ ਹਾਂ !!!!!!!
-ਮਿੰਟੂ ਗੁਰੂਸਰੀਆ