ਜੀਂਦ: ਬੀਤੇ ਦਿਨ ਜਾਟ ਭਾਈਚਾਰੇ ਤੇ ਪੁਲਿਸ ਦਰਮਿਆਨ ਹਿੰਸਕ ਝੜਪ ਤੋਂ ਬਾਅਦ ਜਾਟਾਂ ਨੇ ਆਪਣਾ ਵਿਰੋਧ ਹੋਰ ਵੀ ਤਿੱਖਾ ਕਰ ਦਿੱਤਾ ਹੈ। ਬੀਤੇ ਕੱਲ੍ਹ ਜਿੱਥੇ ਚੰਡੀਗੜ੍ਹ ਸ਼ਾਹਰਾਹ ਜਾਮ ਕੀਤਾ ਗਿਆ ਸੀ ਅੱਜ ਉੱਥੇ ਨਰਵਾਣਾ-ਪਟਿਆਲਾ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਹੈ।
ਜਾਟਾਂ ਵੱਲੋਂ ਦਿੱਲੀ ਤੇ ਪੰਜਾਬ ਨੂੰ ਜਾਣ ਵਾਲੇ ਹੋਰ ਰਸਤਿਆਂ ਨੂੰ ਜਾਮ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ।
ਜੀਂਦ ਜ਼ਿਲ੍ਹੇ ਦੇ ਦੋ ਮੁੱਖ ਮਾਰਗ ਬੰਦ ਹੋਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਵਿਖਾਵਾਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਤੇ ਵਾਧੂ ਸੁਰੱਖਿਆ ਬਲਾਂ ਨੂੰ ਬੁਲਾਇਆ ਗਿਆ ਹੈ।
ਪ੍ਰਦਰਸ਼ਨ ਤਿੱਖਾ ਹੋਣ ਕਾਰਨ ਹੁਣ ਭਲਕੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਜੀਂਦ ਵਿੱਚ ਹੋਣ ਵਾਲੀ ਰੈਲੀ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਦੂਜੇ ਪਾਸੇ ਸੈਣੀ ਦੀ ਰੈਲੀ ਦੇ ਇੰਚਾਰਜ ਰਾਮਜੀ ਸ਼ਰਮਾ ਦਾ ਕਹਿਣਾ ਹੈ ਕਿ ਜਾਟ ਬੇਸ਼ੱਕ ਜੋ ਮਰਜ਼ੀ ਕਰ ਲੈਣ ਇਹ ਰੈਲੀ ਹਰ ਹਾਲ ਵਿੱਚ ਹੋ ਕੇ ਰਹੇਗੀ।
ਜ਼ਿਕਰਯੋਗ ਹੈ ਕਿ ਜਾਟ ਭਾਈਚਾਰੇ ਦੇ ਲੋਕ ਤੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦਰਮਿਆਨ ਰੈਲੀ ਬਾਰੇ ਖਿੱਚੋਤਾਣ ਤੇਜ਼ ਤੇ ਹਿੰਸਕ ਹੋ ਰਹੀ ਹੈ। ਜਿੱਥੇ ਜਾਟਾਂ ਨੇ ਸੈਣੀ ਦੀ ਰੈਲੀ ਨੂੰ ਨਾ ਹੋਣ ਦੇਣ ਦਾ ਐਲਾਨ ਕੀਤਾ ਹੋਇਆ ਹੈ ਉੱਥੇ ਸੰਸਦ ਮੈਂਬਰ ਵੱਲੋਂ ਰੈਲੀ ਹਰ ਹਾਲ ਵਿੱਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।